Breaking News
Home / ਸੰਪਾਦਕੀ / ਗੰਭੀਰ ਬਣਦੀ ਜਾ ਰਹੀ ਪੰਜਾਬ ‘ਚ ਮਿਲਾਵਟਖੋਰੀ ਦੀ ਸਮੱਸਿਆ

ਗੰਭੀਰ ਬਣਦੀ ਜਾ ਰਹੀ ਪੰਜਾਬ ‘ਚ ਮਿਲਾਵਟਖੋਰੀ ਦੀ ਸਮੱਸਿਆ

ਪੰਜਾਬ ‘ਚ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟਖੋਰੀ ਦਾ ਰੁਝਾਨ ਖ਼ਤਰਨਾਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ। ਪਿਛਲੇ ਦਿਨੀਂ ਸਰ੍ਹੋਂ ਦੇ ਤੇਲ ‘ਚ ਮਿਲਾਵਟ ਦੀਆਂ ਖ਼ਬਰਾਂ ਨੇ ਸਮਾਜ ਅਤੇ ਪ੍ਰਸ਼ਾਸਨ ਦੇ ਵੱਡੇ ਵਰਗ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਮਿਲਾਵਟ ਵਾਲੇ ਸਰ੍ਹੋਂ ਦੇ ਤੇਲ ਵਿਚ ਬਹੁਤ ਹੀ ਜ਼ਹਿਰੀਲੇ ਕੈਮੀਕਲ ਤੱਤ ਪਾਏ ਜਾਣ ਨਾਲ ਮਨੁੱਖੀ ਸਿਹਤ ‘ਤੇ ਪੈਣ ਵਾਲੇ ਇਸ ਦੇ ਜਾਨਲੇਵਾ ਪ੍ਰਭਾਵ ਦੇ ਨਾਲ ਅਜਿਹਾ ਰੁਝਾਨ ਹੋਰ ਵੀ ਜ਼ਿਆਦਾ ਚਿੰਤਾਜਨਕ ਅਤੇ ਗੰਭੀਰ ਬਣ ਜਾਂਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ‘ਚ ਘਿਓ, ਦੁੱਧ, ਮੱਖਣ, ਪਨੀਰ, ਖੋਆ ਆਦਿ ਪਦਾਰਥਾਂ ਤੋਂ ਲੈ ਕੇ ਆਟਾ, ਖੰਡ, ਚੌਲ, ਦਾਲਾਂ ਅਤੇ ਮਸਾਲਿਆਂ ਵਿਚ ਵੀ ਅਕਸਰ ਖ਼ਤਰਨਾਕ ਪਦਾਰਥਾਂ ਦੀ ਮਿਲਾਵਟ ਕੀਤੀ ਜਾਂਦੀ ਹੈ। ਹੁਣੇ-ਹੁਣੇ ਸਾਹਮਣੇ ਆਏ ਸਰ੍ਹੋਂ ਦੇ ਤੇਲ ਵਿਚ ਮਿਲਾਵਟੀ ਰੁਝਾਨ ਅਨੁਸਾਰ ਇਸ ਵਿਚ ਕਈ ਤਰ੍ਹਾਂ ਦੇ ਰਸਾਇਣ ਮਿਲਾ ਕੇ ਇਸ ਨੂੰ ਪੀਲੇ ਰੰਗ ਦੀ ਪਰਤ ਦਿੱਤੀ ਜਾਂਦੀ ਹੈ। ਇਸ ਮਿਲਾਵਟੀ ਤੇਲ ਦੇ ਨਾਲ ਚਮੜੀ ਦੇ ਗੰਭੀਰ ਤੇ ਜਾਨਲੇਵਾ ਰੋਗਾਂ ਦੇ ਲੱਛਣ ਪਾਏ ਗਏ ਹਨ।
ਸੌੜੇ ਵਪਾਰਕ ਹਿਤਾਂ ਕਾਰਨ ਪਹਿਲਾਂ ਹੀ ਪੰਜਾਬ ਜ਼ਹਿਰੀਲੀ ਧਰਤੀ ਬਣ ਚੁੱਕਿਆ ਹੈ। ਭਾਰਤ ਦੀ ਕੁੱਲ ਵਾਹੀਯੋਗ ਜ਼ਮੀਨ ਦਾ ਮਹਿਜ਼ ਸਵਾ ਫ਼ੀਸਦੀ ਦੇ ਮਾਲਕ ਪੰਜਾਬ ਵਿਚ ਮੁਲਕ ‘ਚ ਵਰਤੀਆਂ ਜਾਂਦੀਆਂ ਜ਼ਹਿਰਾਂ ਦਾ 19 ਫ਼ੀਸਦੀ ਵਰਤਿਆ ਜਾਂਦਾ ਹੈ। ਫਲ-ਸਬਜ਼ੀਆਂ ਨੂੰ ਤਿਆਰ ਕਰਨ ਲਈ ਮਾਰੂ ਜ਼ਹਿਰਾਂ ਦੀ ਵਰਤੋਂ ਖੁੱਲ੍ਹੇਆਮ ਕੀਤੀ ਜਾ ਰਹੀ ਹੈ। ਨਾਈਟ੍ਰੋਜਨੀ ਖਾਦਾਂ ‘ਚ ਪਾਏ ਜਾਣ ਵਾਲੇ ਤੱਤ ਧਰਤੀ ਦੀ ਤਪਸ਼ ਵਧਾਉਣ ਦਾ ਵੀ ਕਾਰਨ ਹਨ। ਇਹ ਓਜ਼ੋਨ ਪਰਤ ਨੂੰ ਵੀ ਪੇਤਲਾ ਕਰ ਰਹੇ ਹਨ। ਹਾਨੀਕਾਰਕ ਜੀਵਾਂ ਵਿਰੋਧੀ ਜ਼ਹਿਰੀਲੀਆਂ ਦਵਾਈਆਂ ਮਿੱਤਰ ਕੀਟਾਂ ਨੂੰ ਵੀ ਮਾਰ ਦਿੰਦੀਆਂ ਹਨ, ਜੋ ਕਿ ਫ਼ਸਲਾਂ ਨੂੰ ਮਾਰੂ ਨੁਕਸਾਨ ਪਹੁੰਚਾਉਣ ਵਾਲੇ ਨਦੀਣਾਂ ਅਤੇ ਕੀੜਿਆਂ ਨੂੰ ਖਾ ਕੇ ਫ਼ਸਲਾਂ ਦੀ ਸੁਰੱਖਿਆ ਕਰਦੇ ਹਨ। ਇਸ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਬਨਸਪਤੀ ਦੀ ਕੁਦਰਤੀ ਸੁਰੱਖਿਆ ਪ੍ਰਣਾਲੀ ਵੀ ਨਸ਼ਟ ਹੋ ਜਾਂਦੀ ਹੈ। ਕੀਟਨਾਸ਼ਕ ਜ਼ਹਿਰ 1:300 ਦੇ ਅਨੁਪਾਤ ਨਾਲ ਦੁਸ਼ਮਣ ਅਤੇ ਮਿੱਤਰ ਕੀਟਾਂ ਦਾ ਨਾਸ਼ ਕਰਦੀਆਂ ਹਨ। ਭਾਵ ਇਕ ਦੁਸ਼ਮਣ ਨੂੰ ਮਾਰਨ ਲਈ ਤਿੰਨ ਸੌ ਮਿੱਤਰਾਂ ਦੀ ਬਲੀ। ਨਰਮਾ ਪੱਟੀ ਦੇ ਸਰਵੇਖਣ ਅਨੁਸਾਰ ਹਰ ਵੱਡੀ ਮਾਲਕੀ ਵਾਲਾ ਪਿੰਡ ਔਸਤਨ 45 ਲੱਖ ਰੁਪਏ ਸਾਲਾਨਾ ਦੇ ਕੀਟਨਾਸ਼ਕ ਵਰਤਦਾ ਹੈ। ਅਰਥਾਤ ਹਰ ਸਾਲ ਐਡਾ ਵੱਡਾ ਸਰਮਾਇਆ ਬਹੁਕੌਮੀ ਕੰਪਨੀਆਂ ਅਤੇ ਉਨ੍ਹਾਂ ਨੂੰ ਰਾਜਨੀਤਕ ਸਹਾਰਾ ਦੇਣ ਵਾਲਿਆਂ ਦੀ ਝੋਲੀ ਪੈ ਰਿਹਾ ਹੈ। ਦੂਜੇ ਹੱਥ ਵਾਤਾਵਰਨ, ਮਿੱਟੀ, ਪਾਣੀ ਅਤੇ ਸਰੀਰਾਂ ਨੂੰ ਹੋ ਰਿਹਾ ਨੁਕਸਾਨ ਤਾਂ ਅਸੰਖ ਗੁਣਾ ਹੈ। ਇਸ ਸਮੇਂ ਪੰਜਾਬ ਦੀ ਕਰੀਬ 20 ਫ਼ੀਸਦੀ ਵਾਹੀਯੋਗ ਭੂਮੀ ਬੰਜਰ ਹੋਣ ਦੇ ਕੰਢੇ ਹੈ ਅਤੇ 700 ਕਿਸਮ ਦੇ ਸ਼ਤਰੂ ਕੀੜਿਆਂ ਦੀ ਜ਼ਹਿਰ-ਸਹਿਣਯੋਗ ਸਮਰੱਥਾ ਵੱਧ ਰਹੀ ਹੈ।
ਜੀਵ ਮੰਡਲ ਨੂੰ ਪਲੀਤ ਕਰਨ ਵਾਲੇ ਹੋਰ ਪਦਾਰਥਾਂ ਤੋਂ ਉਲਟ ਕੀਟ-ਨਾਸ਼ਕ ਵਾਤਾਵਰਨ ਵਿਚ ਰਚ ਜਾਂਦੇ ਹਨ। ‘ਕਰੜੇ ਨਿਯਮਾਂ ਦੀ ਪਾਲਣਾ’ ਦੇ ਬਾਵਜੂਦ 98 ਫ਼ੀਸਦੀ ਕੀਟ-ਨਾਸ਼ਕ ਅਤੇ ਉੱਲੀ-ਨਾਸ਼ਕ ਦਵਾਈਆਂ ਅਤੇ 95 ਫ਼ੀਸਦੀ ਬੂਟੀ-ਨਾਸ਼ਕ ਦਵਾਈਆਂ ਆਪਣੇ ਅਸਲ ਨਿਸ਼ਾਨੇ ਉੱਤੇ ਨਹੀਂ ਪੁੱਜਦੀਆਂ ਅਤੇ ਸਾਡੇ ਪੌਣ-ਪਾਣੀ ਅਤੇ ਮਿੱਟੀ ਦਾ ਹਿੱਸਾ ਬਣ ਜਾਂਦੀਆਂ ਹਨ। ਇਹ ਵਿਸ਼ੈਲੀਆਂ ਦਵਾਈਆਂ ਸਿਰਫ਼ ਕੀੜਿਆਂ ਅਤੇ ਜੜ੍ਹੀ-ਬੂਟੀਆਂ ਨੂੰ ਹੀ ਨਹੀਂ ਸਗੋਂ ਹੋਰ ਪ੍ਰਾਣੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਦੀ ਵਰਤੋਂ ਸਜੀਵ ਪ੍ਰਕਿਰਤੀ ਲਈ ਅਤਿਅੰਤ ਹਾਨੀਕਾਰਕ ਹੈ। ਫਿਰ ਬੂਟੀ-ਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਘਾਹ-ਫੂਸ ਦੀ ਪਹਿਲੀ ਪੀੜ੍ਹੀ ਤਾਂ ਨਸ਼ਟ ਹੋ ਜਾਂਦੀ ਹੈ; ਪਰ ਪਿਛਲੀਆਂ ਤੇ ਨਵੀਆਂ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਦੀ ਭਰਮਾਰ ਹੋ ਜਾਂਦੀ ਹੈ। ਇੰਜ ਨਵੀਆਂ ਦਵਾਈਆਂ ਦੀ ਲੋੜ ਦੇ ਨਾਲ-ਨਾਲ ਧਨ, ਸਿਹਤ ਅਤੇ ਵਾਤਾਵਰਨ ਦਾ ਖੌ ਹੁੰਦਾ ਹੈ। ਬੂਟੀ-ਨਾਸ਼ਕ ਦੀ ਵਧੇਰੇ ਵਰਤੋਂ ਨਾਲ ਭੌਂ-ਖੋਰ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ, ਜਿੱਥੇ ਘਾਹ ਨਹੀਂ ਉੱਗਦਾ ਉੱਥੇ ਖੋਰਾ ਉੱਗ ਪੈਂਦਾ ਹੈ। ਮਿੱਟੀ ਬਿਮਾਰ ਹੁੰਦੀ ਹੈ, ਰੁੜ੍ਹਦੀ-ਖੁਰਦੀ ਵੀ ਹੈ। ਜੇ ਅਸੀਂ ਨਾ ਸੰਭਲੇ ਤਾਂ ਮਿੱਟੀ ਦਾ ਇਹ ਰੁਦਨ ਸਾਡਾ ਸਭ ਦਾ ਰੁਦਨ ਬਣ ਜਾਵੇਗਾ ਇਕ ਦਿਨ।
ਪਹਿਲਾਂ-ਪਹਿਲ ਰਸਾਇਣਾਂ ਦੀ ਖੋਜ ਫ਼ਸਲ ਸੁਰੱਖਿਆ ਲਈ ਨਹੀਂ ਸਗੋਂ ਰਸਾਇਣਿਕ ਯੁੱਧ ਲਈ ਕੀਤੀ ਗਈ ਸੀ। ਫ਼ਸਲਾਂ ਲਈ ਇਨ੍ਹਾਂ ਦੀ ਵਰਤੋਂ ਅਚਾਨਕ ਸ਼ੁਰੂ ਹੋਈ। ਦਰਅਸਲ ਵਿਸ਼ਵ ਯੁੱਧ ਦੇ ਖ਼ਤਮ ਹੁੰਦਿਆਂ ਹੀ ਇਕ ਨਵੇਂ ਰਸਾਇਣਿਕ ਯੁੱਗ ਦੀ ਸ਼ੁਰੂਆਤ ਹੋਈ। ਕੀਟਾਂ ਨੂੰ ਮਾਰਨ ਲਈ ਡੀ.ਡੀ.ਟੀ. ਅਤੇ ਟੂ-ਫੋਰ ਡੀ ਵਰਗੇ ਰਸਾਇਣਾਂ ਦੀ ਵਰਤੋਂ ਆਮ ਹੋ ਗਈ। ਬੀਤੀ ਸਦੀ ਦੇ ਪੰਜਵੇਂ ਦਹਾਕੇ ‘ਚ ਹੀ ਦਸ ਹਜ਼ਾਰ ਤੋਂ ਵੱਧ ਬਰਾਂਡ ਰਜਿਸਟਰਡ ਹੋ ਚੁੱਕੇ ਸਨ। ਸਬੰਧਿਤ ਕੰਪਨੀਆਂ ਦਾ ਵਪਾਰ 38 ਬਿਲੀਅਨ ਡਾਲਰ ਤੱਕ ਪਹੁੰਚ ਚੁੱਕਾ ਸੀ। ਜਿਹੜਾ ਹੁਣ ਕਰੀਬ ਹਜ਼ਾਰ ਬਿਲੀਅਨ ਡਾਲਰ ਹੈ। ਇਸ ਤਰ੍ਹਾਂ ਹਰ ਪਾਸੇ ਤੋਂ ਕੁਦਰਤੀ ਵਾਤਾਵਰਨ, ਧਰਤੀ, ਹਵਾ, ਪਾਣੀ ਅਤੇ ਬਨਸਪਤੀ ਨੂੰ ਮੁਨਾਫ਼ੇ ਦੀ ਹੋੜ ‘ਚ ਅੰਨ੍ਹੇ ਲੋਕਾਂ ਵਲੋਂ ਜ਼ਹਿਰੀਲਾ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਕੌਮਾਂਤਰੀ ਪੱਧਰ ‘ਤੇ ਨਕਲੀ ਵਸਤਾਂ ਬਰਾਮਦ ਕਰਨ ‘ਚ ਭਾਰਤ ਪੰਜਵੇਂ ਸਥਾਨ ‘ਤੇ ਹੈ ਜਦੋਂਕਿ ਚੀਨ 50 ਲੱਖ ਅਰਬ ਡਾਲਰ ਦੇ ਇਸ ਗ਼ੈਰ-ਕਾਨੂੰਨੀ ਵਪਾਰ ਵਿਚ 63 ਫ਼ੀਸਦੀ ਹਿੱਸੇ ਨਾਲ ਪਹਿਲੇ ਸਥਾਨ ਹੈ। ਆਰਗੇਨਾਈਜੇਸ਼ਨ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ (ਓ.ਈ.ਸੀ.ਡੀ.) ਅਤੇ ਯੂਰਪੀਅਨ ਯੂਨੀਅਨਜ਼ ਇੰਟਲੈਕਚੁਅਲ ਪ੍ਰਾਪਰਟੀ ਆਫ਼ਿਸ ਦੇ ਨਵੇਂ ਅਧਿਐਨ ਮੁਤਾਬਿਕ ਨਕਲੀ ਵਸਤਾਂ ਦੇ ਵਪਾਰ ਵਿਚ ਚੀਨ ਮੋਹਰੀ ਹੈ ਜਦੋਂਕਿ ਤੁਰਕੀ, ਸਿੰਗਾਪੁਰ, ਥਾਈਲੈਂਡ ਅਤੇ ਭਾਰਤ ਦਾ ਇਸ ਬਾਅਦ ਨੰਬਰ ਆਉਂਦਾ ਹੈ। ਇਨ੍ਹਾਂ ਪੰਜ ਮੁਲਕਾਂ ‘ਚ ਸਭ ਤੋਂ ਵੱਧ ਨਕਲੀ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਕੌਮਾਂਤਰੀ ਪੱਧਰ ‘ਤੇ ਜ਼ਬਤ ਕੀਤੀਆਂ ਗਈਆਂ ਨਕਲੀ ਵਸਤਾਂ ਵਿਚੋਂ 63.2 ਫ਼ੀਸਦ ਚੀਨ ਵਿਚ ਤਿਆਰ ਹੋਈਆਂ ਹਨ। ਦੂਜੇ ਨੰਬਰ ‘ਤੇ ਆਉਂਦੇ ਤੁਰਕੀ ਦਾ 3.3 ਫ਼ੀਸਦ ਹਿੱਸਾ ਹੈ। ਇਨ੍ਹਾਂ ਵਸਤਾਂ ਵਿਚ ਸਿੰਗਾਪੁਰ ਦਾ 1.9 ਫ਼ੀਸਦ, ਥਾਈਲੈਂਡ ਦਾ 1.6 ਅਤੇ ਭਾਰਤ ਦਾ 1.2 ਫ਼ੀਸਦ ਹਿੱਸਾ ਹੈ।
ਅਜਿਹੇ ਅੰਕੜੇ ਬਿਨਾਂ ਸ਼ੱਕ ਆਪਣੇ-ਆਪ ਵਿਚ ਬੇਹੱਦ ਚਿੰਤਾਜਨਕ ਤਸਵੀਰ ਉਭਾਰਦੇ ਹਨ। ਖਾਣ-ਪੀਣ ਦੀਆਂ ਵਸਤਾਂ ਵਿਚਲੇ ਵੱਖ-ਵੱਖ ਜ਼ਹਿਰੀਲੇ ਤੱਤਾਂ ਦਾ ਪ੍ਰਭਾਵ ਖੇਤੀ ਉਪਜ, ਖ਼ਾਸ ਕਰਕੇ ਖੁਰਾਕੀ ਵਸਤਾਂ, ਵਿਚ ਚਿੰਤਾਜਨਕ ਹੱਦ ਤੱਕ ਨਜ਼ਰ ਆਉਣ ਲੱਗਾ ਹੈ। ਅਨਾਜ, ਫਲਾਂ, ਸਬਜ਼ੀਆਂ ਅਤੇ ਦੁੱਧ ਤੋਂ ਇਲਾਵਾ ਜ਼ਮੀਨ ਹੇਠਲਾ ਪਾਣੀ ਵੀ ਇਨ੍ਹਾਂ ਰਸਾਇਣਾਂ ਕਾਰਨ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਜ਼ਹਿਰੀਲੇ ਤੱਤਾਂ ਕਾਰਨ ਕੈਂਸਰ ਅਤੇ ਕਾਲੇ ਪੀਲੀਏ ਵਰਗੇ ਗੰਭੀਰ ਰੋਗਾਂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੇਸ਼ੱਕ ਰਸਾਇਣਿਕ ਖਾਦਾਂ ਜਾਂ ਕੀਟਨਾਸ਼ਕਾਂ ਦੀ ਵਰਤੋਂ ਇਕਦਮ ਬੰਦ ਕੀਤੀ ਜਾਣੀ ਭਾਵੇਂ ਮੌਜੂਦਾ ਸਮੇਂ ਮੁਸ਼ਕਿਲ ਜ਼ਰੂਰ ਹੈ ਪਰ ਇਨ੍ਹਾਂ ‘ਤੇ ਨਿਰਭਰਤਾ ਹੌਲੀ-ਹੌਲੀ ਘਟਾਈ ਜਾ ਸਕਦੀ ਹੈ। ਭਾਰਤ ਦੀਆਂ ਆਉਂਦੀਆਂ ਪੀੜ੍ਹੀਆਂ ਦੀ ਸੁਰੱਖਿਆ ਲਈ ਅਜਿਹਾ ਕੀਤਾ ਜਾਣਾ ਜ਼ਰੂਰੀ ਵੀ ਹੈ। ਰਵਾਇਤੀ ਦੇਸੀ ਖਾਦਾਂ ਦੀ ਵਰਤੋਂ ਹੀ ਰਸਾਇਣਿਕ ਖਾਦਾਂ ਦੇ ਖ਼ਤਰੇ ਨੂੰ ਘੱਟ ਕਰਨ ਦਾ ਇਕੋ-ਇਕ ਹੱਲ ਹੋ ਸਕਦੀ ਹੈ। ਭਾਰਤ, ਖ਼ਾਸ ਕਰਕੇ ਪੰਜਾਬ ‘ਚ ਖਾਣ-ਪੀਣ ਦੀਆਂ ਵਸਤਾਂ ‘ਚ ਲਗਾਤਾਰ ਵੱਧ ਰਹੀ ਮਿਲਾਵਟਖੋਰੀ ਅਤੇ ਜ਼ਹਿਰੀਲੇਪਣ ਨੂੰ ਰੋਕਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਤੌਰ ‘ਤੇ ਹੰਭਲਾ ਮਾਰਨਾ ਪਵੇਗਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …