Breaking News
Home / ਪੰਜਾਬ / ‘ਗੁਪਤ ਰਿਪੋਰਟ’ ਮੁਤਾਬਕ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ

‘ਗੁਪਤ ਰਿਪੋਰਟ’ ਮੁਤਾਬਕ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਪੀਏ ਨੇ ਘੁਮਾਈ ਬਰਗਾੜੀ ਕਾਂਡ ਦੀ ਸੂਈ
ਬਠਿੰਡਾ/ਬਿਊਰੋ ਨਿਊਜ਼ : ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ਵਿੱਚ ਕਈ ਗੁੱਝੇ ਭੇਤ ਬੰਦ ਹਨ, ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਕੋਈ ਭਾਫ਼ ਬਾਹਰ ਨਹੀਂ ਕੱਢ ਰਹੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ‘ਗੁਪਤ ਰਿਪੋਰਟ’ ਪੁਲਿਸ ਮੁਖੀ ਨੂੰ ਸੌਂਪ ਦਿੱਤੀ ਸੀ। ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਜਨਤਕ ਕੀਤੀ ਜਾਵੇ। ਜਦੋਂ ਹੁਣ ਸਰਕਾਰ ‘ਬਰਗਾੜੀ ਰਿਪੋਰਟ’ ਨੂੰ ਜਨਤਕ ਕਰਨ ਤੋਂ ਪਿੱਛੇ ਹਟ ਰਹੀ ਹੈ, ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵੱਧ ਗਏ ਹਨ। ਇਸ ‘ਗੁਪਤ ਰਿਪੋਰਟ’ ਮੁਤਾਬਕ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਨੇ ਬਰਗਾੜੀ ਕਾਂਡ ਵਿੱਚ ਮੁੱਖ ਭੂਮਿਕਾ ਨਿਭਾਈ।ਵੇਰਵਿਆਂ ਅਨੁਸਾਰ ਡੇਰਾ ਮੁਖੀ ਦੇ ਪੀਏ ਦੇ ਇਸ਼ਾਰੇ ‘ਤੇ ਡੇਰੇ ਦੇ ਮੋਹਰੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਤੋਂ ਬਦਲਾ ਲੈਣ ਲਈ ਦੋ ਪੜਾਵੀ ਸਾਜ਼ਿਸ਼ ਘੜੀ। ਪਹਿਲੀ ਸਾਜ਼ਿਸ਼ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਅਤੇ ਦੂਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਰਿਪੋਰਟ ਅਨੁਸਾਰ ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਦੀ ਹਦਾਇਤ ‘ਤੇ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨਾਲ ਸਿੱਖ ਪ੍ਰਚਾਰਕ ਦਾਦੂਵਾਲ ਨੂੰ ਭੀਖੀ ਵਿੱਚ ਮਾਰਨ ਦੀ ਯੋਜਨਾ ਬਣਾਈ ਸੀ। ਦਾਦੂਵਾਲ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰੇਮੀ ਭੇਜੇ ਜਾਣ ਦੀ ਯੋਜਨਾ ਸੀ, ਤਾਂ ਜੋ ਹਮਲਾਵਰ ਬਚ ਕੇ ਨਿਕਲ ਸਕਣ। ਜਦੋਂ ਮਾਨਸਾ ਦੇ ਡੇਰਾ ਆਗੂਆਂ ਨੇ ਹਾਮੀ ਨਾ ਭਰੀ ਤਾਂ ਯੋਜਨਾ ਫ਼ਲਾਪ ਹੋ ਗਈ। ਰਿਪੋਰਟ ਅਨੁਸਾਰ ਉਦੋਂ ਡੇਰਾ ਆਗੂ ਤੈਸ਼ ਵਿੱਚ ਆ ਗਏ ਸਨ, ਜਦੋਂ ਸਿੱਖ ਪ੍ਰਚਾਰਕ ਹਰਜਿੰਦਰ ਮਾਝੀ ਦੇ 21 ਤੋਂ 23 ਮਈ 2015 ਤੱਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਲੱਗੇ ਦੀਵਾਨ ਤੋਂ ਪ੍ਰਭਾਵਿਤ ਹੋਏ ਕੁਝ ਪ੍ਰੇਮੀਆਂ ਨੇ ਡੇਰੇ ਦੇ ‘ਲਾਕਟ’ ਗਲਾਂ ‘ਚੋਂ ਲਾਹ ਦਿੱਤੇ ਸਨ। ਮਹਿੰਦਰਪਾਲ ਬਿੱਟੂ ਨੇ ਇਸ ਬਾਰੇ ਫ਼ੌਰੀ ਸੂਚਨਾ ਡੇਰਾ ਸਿਰਸਾ ਭੇਜੀ, ਜਿੱਥੋਂ ਸਿੱਖ ਪੈਰੋਕਾਰਾਂ ਨੂੰ ਸਬਕ ਸਿਖਾਉਣ ਦੇ ਆਦੇਸ਼ ਦਿੱਤੇ ਗਏ। ਬਿੱਟੂ ਨੇ ਡੇਰੇ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਸਾਥੀ ਨਿਸ਼ਾਨ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਵਾਸੀ ਡੱਗੋ ਰੋਮਾਣਾ, ਰਣਦੀਪ ਸਿੰਘ ਨੀਲਾ ਫ਼ਰੀਦਕੋਟ, ਸੁਖਜਿੰਦਰ ਸਿੰਘ ਸੰਨੀ ਕੋਟਕਪੂਰਾ ਨਾਲ ਨਵੀਂ ਵਿਉਂਤ ਬਣਾਈ, ਜਿਸ ਤਹਿਤ ਸੰਨੀ ਤੇ ਨੀਲੇ ਨੇ ਮੱਲਕੇ, ਬਰਗਾੜੀ, ਸਾਹੋਕੇ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰਾਂ ਦੇ ਆਸੇ ਪਾਸੇ ਰੇਕੀ ਕੀਤੀ। ਰਿਪੋਰਟ ਅਨੁਸਾਰ ਨੀਲਾ ਤੇ ਸੰਨੀ ਮੋਟਰਸਾਈਕਲ ‘ਤੇ ਬੁਰਜ ਜਵਾਹਰ ਸਿੰਘ ਵਾਲਾ ਗਏ।
ਇਸ ਟੀਮ ਦੇ ਮੈਂਬਰ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰਦੇਵ ਸਿੰਘ ਪ੍ਰੇਮੀ ਦੀ ਦੁਕਾਨ ‘ਤੇ ਗਏ, ਜਿੱਥੋਂ ਕੋਲਡ ਡਰਿੰਕ ਪੀਣ ਮਗਰੋਂ ਉਹ ਗੁਰੂ ਘਰ ਵਿੱਚ ਗਏ। ਗੁਰੂ ਘਰ ਵਿੱਚੋਂ ਸਰੂਪ ਚੁੱਕਣ ਮਗਰੋਂ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਕੋਟਕਪੂਰਾ ਸਾਈਡ ਉਡੀਕ ‘ਚ ਖੜ੍ਹੇ ਬਲਜੀਤ ਸਿੰਘ ਤੇ ਸ਼ਕਤੀ ਨੂੰ ਇਹ ਸਰੂਪ ਦੇ ਦਿੱਤੇ ਗਏ, ਜਿਨ੍ਹਾਂ ਨੇ ਸਰੂਪ ਸਮੇਤ ਅਲਟੋ ਕਾਰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਖੜ੍ਹੀ ਕਰ ਦਿੱਤੀ। ਸ਼ਾਮ ਵਕਤ ਇਹ ਸਰੂਪ ਬਲਜੀਤ ਸਿੰਘ ਦੇ ਘਰ ਪਹੁੰਚਾਏ ਗਏ, ਜਿੱਥੇ ਸੰਦੂਕ ‘ਚ ਕਰੀਬ ਤਿੰਨ ਸਾਢੇ ਤਿੰਨ ਮਹੀਨੇ ਇਹ ਸਰੂਪ ਪਏ ਰਹੇ। ਜਦੋਂ ਸਤੰਬਰ 2015 ‘ਚ ਫ਼ਰੀਦਕੋਟ ਦੇ ਸਿਨੇਮਾ ਮਾਲਕਾਂ ਨੇ ਵਿਵਾਦਾਂ ਦੇ ਡਰੋਂ ਡੇਰਾ ਮੁਖੀ ਦੀ ਫ਼ਿਲਮ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਡੇਰਾ ਆਗੂਆਂ ਨੇ ਸਾਜ਼ਿਸ਼ ਨੂੰ ਅਗਲੇ ਪੜਾਅ ਵਿੱਚ ਦਾਖ਼ਲ ਕਰ ਦਿੱਤਾ। ਸਾਜ਼ਿਸ਼ ਤਹਿਤ ਸ਼ਕਤੀ ਸਿੰਘ ਨੇ ਬਰਗਾੜੀ ਤੋਂ ਸਾਫ਼ ਕਾਗ਼ਜ਼ ਤੇ ਮਾਰਕਰ ਲਿਆ ਕੇ ਬਿੱਟੂ ਕੋਟਕਪੂਰਾ ਨੂੰ ਦੇ ਦਿੱਤੇ, ਜਿੱਥੇ ਸੰਨੀ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਭਾਸ਼ਾ ਵਿਚ ਪੋਸਟਰ ਲਿਖੇ।
ਸ਼ਕਤੀ, ਸੰਨੀ, ਭੋਲੇ ਤੇ ਬਲਜੀਤ ਸਿੰਘ ਨੇ 24 ਅਤੇ 25 ਸਤੰਬਰ 2015 ਦੀ ਸ਼ਾਮ ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਚ ਇਹ ਪੋਸਟਰ ਲਾ ਦਿੱਤੇ। ਇਵੇਂ 12 ਅਕਤੂਬਰ 2015 ਦੀ ਸਵੇਰ ਨੂੰ ਤਿੰਨ ਵਜੇ ਨਿਸ਼ਾਨ ਸਿੰਘ ਦੀ ਕਾਰ ਵਿੱਚ ਬਲਜੀਤ ਸਿੰਘ ਦੇ ਘਰੋਂ ਸਰੂਪ ਲਿਆਂਦੇ ਗਏ। ਰਿਪੋਰਟ ਦੇ ਤੱਥਾਂ ਅਨੁਸਾਰ ਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ। ਸੰਨੀ, ਨਿਸ਼ਾਨ ਤੇ ਭੋਲੇ ਨੇ ਪਵਿੱਤਰ ਅੰਗ ਖਿਲਾਰ ਦਿੱਤੇ। ਕੁਝ ਅੰਗ ਪ੍ਰਦੀਪ ਕੁਮਾਰ ਨੂੰ ਖਿਲਾਰਨ ਲਈ ਦਿੱਤੇ ਪਰ ਉਸ ਨੇ ਇਹ ਅੰਗ ਰਜਵਾਹੇ ਵਿੱਚ ਜਲ ਪ੍ਰਵਾਹ ਕਰ ਦਿੱਤੇ। ਇਸੇ ਦੌਰਾਨ ਜਦੋਂ ਪੂਰੇ ਪੰਜਾਬ ਵਿੱਚ ਰੋਸ ਵਜੋਂ ਧਰਨੇ ਮੁਜ਼ਾਹਰੇ ਹੋਣ ਲੱਗੇ ਤਾਂ 26-27 ਅਕਤੂਬਰ 2015 ਨੂੰ ਹਰਸ਼ ਧੂਰੀ ਦੇ ਆਦੇਸ਼ਾਂ ‘ਤੇ ਬਿੱਟੂ ਨੇ ਦੋ ਡੇਰਾ ਪੈਰੋਕਾਰਾਂ ਨੂੰ ਬਾਕੀ ਬਚਦੇ ਅੰਗ ਉਸ ਤੱਕ ਪਹੁੰਚਾਉਣ ਲਈ ਆਖਿਆ। ਬਿੱਟੂ ਨੇ ਆਪਣੇ ਬਚਾਅ ਲਈ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਆਪਣੀ ਬੇਕਰੀ ਦੀ ਭੱਠੀ ਵਿੱਚ ਜਲਾ ਦਿੱਤੀ ਅਤੇ ਬਾਕੀ ਬਚਦਾ ਸਰੂਪ ਡਰੇਨ ‘ਚ ਸੁੱਟ ਦਿੱਤਾ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਜਾਂਚ ਟੀਮ ਕਰੀਬ ਪੌਣੇ ਤਿੰਨ ਵਰ੍ਹਿਆਂ ਤੋਂ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਸੀ। ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰ ਰਹੀ ਹੈ।
ਜਾਂਚ ਟੀਮ ਦੇ ਮੁਖੀ ਡੀਆਈਜੀ ਖੱਟੜਾ ਵੱਲੋਂ ਤੱਥਾਂ ਦੀ ਪੁਸ਼ਟੀ
ਜਾਂਚ ਟੀਮ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਤੱਥਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁਕੰਮਲ ਰਿਪੋਰਟ ਪੁਲਿਸ ਮੁਖੀ ਰਾਹੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਸੀਬੀਆਈ ਨੂੰ ਸੌਂਪ ਦਿੱਤੀ ਹੈ।
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਲੋਕ ਭਲਾਈ ਪਾਰਟੀ ਰਾਹੀਂ ਸਿਆਸਤ ਕਰਨ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਹੁਣ ਫਿਰ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਹਨ । ਇਸ ਤੋਂ ਪਹਿਲਾਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਅਖਿਲੇਸ਼ ਯਾਦਵ ਨੇ ਉਤਰ ਪ੍ਰਦੇਸ਼ ‘ਚ ਮੰਤਰੀ ਬਣਾ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਮਾਜਵਾਦੀ ਪਾਰਟੀ ਦਾ ਇੰਚਾਰਜ ਲਗਾ ਦਿੱਤਾ ਹੈ। ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਮਾੜੇ ਪ੍ਰਬੰਧ ਅਤੇ ਬੂਰੀ ਸਿਆਸਤ ਤੋਂ ਬਚਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਸਮਾਜਵਾਦੀ ਪਾਰਟੀ ਉਮੀਦਵਾਰ ਖੜ੍ਹਾ ਕਰੇਗੀ ਜਾਂ ਨਹੀਂ ਇਸ ਬਾਰੇ ਉਨ੍ਹਾਂ ਅਖਿਲੇਸ਼ ਯਾਦਵ ਨੂੰ ਛੇ ਹਫ਼ਤਿਆਂ ਵਿਚ ਰਿਪੋਰਟ ਦੇਣੀ ਹੈ। ਰਾਮੂਵਾਲੀਆ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਪੰਜਾਬ ਦਾ ਸੱਤਿਆਨਾਸ ਹੋ ਗਿਆ ਸੀ ਜਿਸ ਕਰਕੇ ਹੁਣ ਪੰਜਾਬ ਨੂੰ ਬਚਾਉਣ ਵਾਸਤੇ ਉਪਰਾਲੇ ਕਰਨ ਦੀ ਲੋੜ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …