ਤਿੰਨਾਂ ਦੀ ਹੋਈ ਮੌਤ
ਸੁਨਾਮ/ਬਿਊਰੋ ਨਿਊਜ਼ : ਸੰਗਰੂਰ ਜ਼ਿਲੇ੍ਹ ਅਧੀਨ ਆਉਂਦੇ ਸੁਨਾਮ ਦੇ ਪਿੰਡ ਨਮੋਲ ’ਚ ਨਸ਼ੇ ਦੀ ਪੂਰਤੀ ਲਈ ਸਪਰਿੱਟ ਪੀਣ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਚੀਮਾ ਮੰਡੀ ਦੇ ਐਸ. ਐਚ. ਓ. ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਨਮੋਲ ਦੇ ਰਹਿਣ ਵਾਲੇ ਚਮਕੌਰ ਸਿੰਘ (50) ਪੁੱਤਰ ਦਰਸ਼ਨ ਸਿੰਘ, ਗੁਰਮੇਲ ਸਿੰਘ (50) ਪੁੱਤਰ ਹਰੀ ਸਿੰਘ ਅਤੇ ਗੁਰਤੇਜ ਸਿੰਘ (50) ਪੁੱਤਰ ਹਰਨੇਕ ਸਿੰਘ ਲੰਘੀ ਰਾਤ ਸਪਰਿੱਟ ਪੀ ਕੇ ਸੌਂ ਗਏ ਅਤੇ ਉਹ ਤਿੰਨੋਂ ਜੋ ਅੱਜ ਸਵੇਰੇ ਉੱਠੇ ਹੀ ਨਹੀਂ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਤਿੰਨੋ ਵਿਅਕਤੀ ਮਜ਼ਦੂਰੀ ਕਰਦੇ ਸਨ ਅਤੇ ਨਸ਼ੇ ਦੇ ਆਦੀ ਸਨ। ਜਦਕਿ ਸਮੇਂ ਦੀ ਸਰਕਾਰਾਂ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਲਗਾਤਾਰ ਵਾਅਦੇ ਕੀਤੇ ਜਾਂਦੇ ਰਹੇ ਹਨ ਪ੍ਰੰਤੂ ਨਸ਼ਿਆਂ ਦੀ ਭਰਮਾਰ ਪੰਜਾਬ ਵਿਚ ਜਿਉਂ ਦੀ ਤਿਉਂ ਕਾਇਮ ਹੈ ਅਤੇ ਕਈ ਵਿਅਕਤੀ ਪੈਸੇ ਦੀ ਕਮੀ ਕਾਰਨ ਨਸ਼ੇ ਦੀ ਪੂਰਤੀ ਕਰਨ ਲਈ ਸਪਿਰਟ ਪੀਣ ਵਰਗੇ ਕਦਮ ਚੁੱਕਦੇ ਹਨ ਅਤੇ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।