Breaking News
Home / ਪੰਜਾਬ / ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੜ ਮੁੱਖ ਗ੍ਰੰਥੀ ਨਿਯੁਕਤ ਕੀਤਾ

ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੜ ਮੁੱਖ ਗ੍ਰੰਥੀ ਨਿਯੁਕਤ ਕੀਤਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਅਚਾਨਕ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਗ੍ਰੰਥੀ ਨਿਯੁਕਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਵੇਲੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਗਿਆਨੀ ਮਲਕੀਤ ਸਿੰਘ ਨੂੰ ਇਥੋਂ ਤਬਦੀਲ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਾ ਗ੍ਰੰਥੀ ਨਿਯੁਕਤ ਕੀਤਾ ਜਾ ਰਿਹਾ ਹੈ। ਗਿਆਨੀ ਗੁਰਮੁਖ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਆਪਣੀ ਸੇਵਾ ਬਕਾਇਦਾ ਸੰਭਾਲ ਲਈ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਾਇਨਾਤ ਗ੍ਰੰਥੀ ਸਿੰਘ ਤੇ ਹੋਰਨਾਂ ਸੇਵਾਦਾਰਾਂ ਵਲੋਂ ਉਨ੍ਹਾਂ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਕੁਝ ਮਹੀਨੇ ਪਹਿਲਾਂ ਗਿਆਨੀ ਗੁਰਮੁਖ ਸਿੰਘ ਨਾਲ ਵਿਵਾਦ ਦੇ ਚੱਲਦਿਆਂ ਉਨ੍ਹਾਂ ਨੂੰ ਹਰਿਆਣਾ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਮੁੱਖ ਗ੍ਰੰਥੀ ਵਜੋਂ ਤਬਦੀਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਪਰਿਵਾਰ ਤੋਂ ਅੰਮ੍ਰਿਤਸਰ ਵਿਖੇ ਦਿੱਤਾ ਗਿਆ ਕੁਆਟਰ ਵੀ ਖਾਲੀ ਕਰਵਾ ਲਿਆ ਗਿਆ ਸੀ।
ਦਮਦਮਾ ਸਾਹਿਬ ਦਾ ਜਥੇਦਾਰ ਰਹਿੰਦਿਆਂ ਕੀਤੇ ਸੀ ਡੇਰਾ ਮੁਖੀ ਵਾਲੇ ਮਾਫ਼ੀਨਾਮੇ ‘ਤੇ ਹਸਤਾਖਰ
ਇੱਥੇ ਇਹ ਵੀ ਦੱਸਣਯੋਗ ਹੈ ਕਿ ਗਿਆਨੀ ਗੁਰਮੁੱਖ ਸਿੰਘ ਨੇ ਨਾ ਸਿਰਫ ਪੰਜ ਪਿਆਰਿਆਂ ਅੱਗੇ ਪੇਸ਼ ਹੋਕੇ ਲਿਖਤੀ ਤੌਰ ‘ਤੇ ਇਹ ਮੰਨਿਆ ਸੀ ਕਿ ਉਨ੍ਹਾਂ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਦਿੱਤੀ ਜਾਣ ਵਾਲੇ ਮਾਫ਼ੀਨਾਮੇ ‘ਤੇ ਰਾਜਨੀਤਕ ਦਬਾਅ ਹੇਠ ਹਸਤਾਖਰ ਕੀਤੇ ਸਨ ਬਲਕਿ ਇਹ ਗੱਲ ਉਨ੍ਹਾਂ ਨੇ ਮੀਡੀਆ ਵਿੱਚ ਵੀ ਸ਼ਰੇਆਮ ਬਾਦਲ ਪਰਿਵਾਰ ਦਾ ਨਾਮ ਲੈ ਕੇ ਕਿਹਾ ਸੀ ਕਿ ਡੇਰਾ ਮੁਖੀ ਨੂੰ ਮਾਫ਼ੀ ਦਿੱਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਤਖਤ ਦੇ ਇੱਕ ਜਥੇਦਾਰ ਆਪਣੀ ਗੱਡੀ ਵਿਚ ਬਿਠਾ ਕੇ ਬਾਦਲ ਦੀ ਕੋਠੀ ‘ਚ ਲੈ ਗਏ ਸਨ ਜਿੱਥੇ ਵੱਡੇ ਬਾਦਲ ਨੇ ਉਨ੍ਹਾਂ ਨੂੰ ਮਾਫ਼ੀਨਾਮੇ ‘ਤੇ ਹਸਤਾਖਰ ਕਰਨ ਨੂੰ ਦਬਾਅ ਪਾਇਆ ਸੀ।
ਬਾਅਦ ਵਿਚ ਕਿਹਾ ਸੀ ਸਭ ਬਾਦਲਾਂ ਦੇ ਕਹਿਣ ‘ਤੇ ਕੀਤਾ, ਐਸਜੀਪੀਸੀ ਨੇ ਕਰ ਦਿੱਤਾ ਸੀ ਤਬਾਦਲਾ
ਗਿਆਨੀ ਗੁਰਮੁੱਖ ਸਿੰਘ ਦੇ ਇਨ੍ਹਾਂ ਬਿਆਨਾਂ ਦੇ ਆਉਣ ਤੋਂ ਬਾਅਦ ਅਗਲੇ ਦਿਨ ਹੀ ਉਨ੍ਹਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਾਲੇ ਅਹੁਦੇ ਤੋਂ ਫਾਰਗ ਕਰਕੇ ਉਨ੍ਹਾਂ ਦਾ ਤਬਾਦਲਾ ਜੀਂਦ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਧਮਤਾਨ ਵਿਖੇ ਬਤੌਰ ਹੈੱਡ ਗ੍ਰੰਥੀ ਕਰ ਦਿੱਤਾ ਗਿਆ ਸੀ। ਹੁਣ ਅਚਾਨਕ ਇੱਕ ਵਾਰ ਫਿਰ ਗਿਆਨੀ ਗੁਰਮੁੱਖ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਲਾਏ ਜਾਣ ‘ਤੇ ਸਿੱਖ ਹਲਕਿਆਂ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।

Check Also

ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਦੱਸਿਆ ਵੱਡਾ ਕਾਰਨ

ਕਿਹਾ : ਵਿਜੀਲੈਂਸ ਦੀ ਜਾਂਚ ਤੋਂ ਡਰਦਿਆਂ ਗੋਲਡੀ ਨੇ ਭਗਵੰਤ ਮਾਨ ਮੂਹਰੇ ਟੇਕੇ ਗੋਡੇ ਸੰਗਰੂਰ/ਬਿਊਰੋ …