Breaking News
Home / ਕੈਨੇਡਾ / ਮਹਾਂਬੀਰ ਗਿੱਲ ਦੀ ਕਾਵਿ-ਪੁਸਤਕ ‘ਜ਼ਿੰਦਗੀ ਦੇ ਰੂਬਰੂ’ ਕੀਤੀ ਗਈ ਲੋਕ-ਅਰਪਿਤ

ਮਹਾਂਬੀਰ ਗਿੱਲ ਦੀ ਕਾਵਿ-ਪੁਸਤਕ ‘ਜ਼ਿੰਦਗੀ ਦੇ ਰੂਬਰੂ’ ਕੀਤੀ ਗਈ ਲੋਕ-ਅਰਪਿਤ

ਬਰੈਂਪਟਨ/ਡਾ. ਝੰਡ : ਮਹਾਂਬੀਰ ਸਿੰਘ ਗਿੱਲ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਜ਼ਿੰਦਗੀ ਦੇ ਰੂਬਰੂ’ 23 ਮੈਰੀਟੋਨੀਆ ਸਟਰੀਟ, ਬਰੈਂਪਟਨ ਵਿਖੇ ਅਦੀਬਾਂ ਅਤੇ ਪੰਜਾਬੀ-ਪ੍ਰੇਮੀਆਂ ਦੀ ਇਕੱਤਰਤਾ ਵਿਚ ਲੋਕ-ਅਰਪਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉੱਘੇ-ਚਿੰਤਕ ਬਲਰਾਜ ਚੀਮਾ, ਬਰੈਂਪਟਨ ਦੀ ਜਾਣੀ-ਪਛਾਣੀ ਸ਼ਖਸੀਅਤ ਗੁਰਨਾਮ ਸਿੰਘ ਕੈਰੋਂ, ਕਵੀ ਕਰਨ ਅਜਾਇਬ ਸਿੰਘ ਸੰਘਾ ਅਤੇ ਪੁਸਤਕ ਦੇ ਲੇਖਕ ਮਹਾਂਬੀਰ ਗਿੱਲ ਸੁਸ਼ੋਭਿਤ ਸਨ।
ਕਰਨ ਅਜਾਇਬ ਸਿੰਘ ਸੰਘਾ ਵੱਲੋਂ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਸਮਾਗ਼ਮ ਦੀ ਸ਼ੁਰੂਆਤ ਕਰਦਿਆਂ ਤਲਵਿੰਦਰ ਮੰਡ ਨੇ ਡਾ. ਸੁਖਦੇਵ ਸਿੰਘ ਝੰਡ ਨੂੰ ਪੁਸਤਕ ਦੇ ਬਾਰੇ ਆਪਣਾ ਪੇਪਰ ਪੜ੍ਹਨ ਲਈ ਸੱਦਾ ਦਿੱਤਾ ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਹਾਂਬੀਰ ਗਿੱਲ ਸੂਖ਼ਮ ਸੋਚ ਦਾ ਮਾਲਕ ਹੈ ਅਤੇ ਉਹ ਆਪਣੀਆਂ ਅਤਿ-ਸੂਖ਼ਮ ਵਿਸ਼ਿਆਂ ਵਾਲੀਆਂ ਕਵਿਤਾਵਾਂ ਦੀ ਇਹ ਦੂਸਰੀ ਪੁਸਤਕ ‘ਜ਼ਿੰਦਗੀ ਦੇ ਰੂਬਰੂ’ ਨਾਲ ਪੰਜਾਬੀ ਪਾਠਕਾਂ ਦੇ ਸਨਮੁੱਖ ਹੋਇਆ ਹੈ। ਉਸ ਦੀ ਪਹਿਲੀ ਕਾਵਿ-ਪੁਸਤਕ ‘ਹਵਾਵਾਂ ਨੂੰ ਕਹੋ’ 2015 ਵਿਚ ਛਪੀ ਸੀ ਅਤੇ ਉਸ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਹੁਣ ਆਪਣੀ ਇਹ ਦੂਸਰੀ ਪੁਸਤਕ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕੀਤੀ ਹੈ।
ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਹਾਂਬੀਰ ਲੋਕਾਂ ਦੀ ਨਬਜ਼ ਪਛਾਨਣ ਵਾਲਾ ਕਵੀ ਹੈ ਅਤੇ ਉਸ ਨੇ ਲੋਕਾਂ ਦੇ ਸਰੋਕਾਰਾਂ ਬਾਰੇ ਆਪਣੇ ਵਿਚਾਰ ਕਵਿਤਾਵਾਂ ਵਿਚ ਬਾਖ਼ੂਬੀ ਪੇਸ਼ ਕੀਤੇ ਹਨ। ਮਹਾਂਬੀਰ ਗਿੱਲ ਨੇ ਆਪਣੀ ਸਿਰਜਣ-ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਉਹ ਆਪਣੇ ਰੋਜ਼ੀ-ਰੋਟੀ ਨਾਲ ਜੁੜੇ ਫ਼ਾਰਮਾਸਿਸਟ ਦੇ ਪੇਸ਼ੇ, ਪੱਤਰਕਾਰੀ ਅਤੇ ਪਿੰਡ ਦੇ ਸਰਪੰਚ ਵਜੋਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਜਦੋਂ ਮੌਕਾ ਮਿਲੇ ਕਵਿਤਾ ਲਿਖ ਲੈਂਦੇ ਹਨ ਅਤੇ ਅਤੇ ਕਦੇ ਵੀ ਨਿੱਠ ਕੇ ਨਹੀਂ ਲਿਖਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕਵਿਤਾਵਾਂ ਦੇ ਵਿਸ਼ੇ ਲੋਕਾਂ ਨੂੰ ਦਰਪੇਸ਼ ਮੁਸਕਲਾਂ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਉਹ ਲੋਕਾਂ ਦੇ ਦਰਦ ਨੂੰ ਇਨ੍ਹਾਂ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਮੌਕੇ ਇਕਬਾਲ ਬਰਾੜ ਦਾ ਗਾਇਆ ਲੋਕ-ਗੀਤ ‘ਕਿਤੇ ਤਾਂ ਲਾਨੀਆਂ ਟਾਹਲੀਆਂ ਪੱਤਾਂ ਵਾਲੀਆਂ, ਨੀ ਮੇਰਾ ਪਤਲਾ ਮਾਹੀ’ ਅਤੇ ਪਰਮਜੀਤ ਢਿੱਲੋਂ ਦਾ ਗੀਤ ‘ਸਾਡੇ ਬੰਦ ਪਏ ਘਰਾਂ ਤੋਂ, ਸਾਡੇ ਢੁਕਿਆਂ ਦਰਾਂ ਤੋਂ, ਘੁੱਗੀ ਖ਼ਾਲੀ ਮੁੜ ਜਾਂਦੀ ਹੋਣੀ ਆਂ’ ਹਾਜ਼ਰੀਨ ਨੂੰ ਕਾਫ਼ੀ ਭਾਵਕ ਕਰ ਗਏ। ਇਨ੍ਹਾਂ ਖ਼ੂਬਸੂਰਤ ਗਾਇਕਾਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਕਵੀ ਮਕਸੂਦ ਚੌਧਰੀ, ਪਰਮਪਾਲ ਸੰਧੂ, ਪਰਮਜੀਤ ਗਿੱਲ, ਤਲਵਿੰਦਰ ਮੰਡ, ਸੁਖਦੇਵ ਝੰਡ, ਸੁੰਦਰਪਾਲ ਰਾਜਾਸਾਂਸੀ ਤੇ ਕਈ ਹੋਰਨਾਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਨਾਲ ਵਧੀਆ ਕਾਵਿ-ਮਈ ਮਾਹੌਲ ਬਣ ਗਿਆ। ਪੰਜਾਬ ਤੋਂ ਪਿਛਲੇ ਦਿਨੀ ਇੱਥੇ ਆਏ ਪਲਵਿੰਦਰ ਸਿੰਘ ਨੇ ਪੰਜਾਬ ਅਤੇ ਇੱਥੋਂ ਦੇ ਸਮਾਜਿਕ ਵਰਤਾਰਿਆਂ ਅਤੇ ਉਨ੍ਹਾਂ ਦੇ ਅੰਤਰ ਬਾਰੇ ਬਾਖ਼ੂਬੀ ਜ਼ਿਕਰ ਕੀਤਾ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਬਲਰਾਜ ਚੀਮਾ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਮਹਾਂਬੀਰ ਗਿੱਲ ਨੂੰ ਇਹ ਖ਼ੂਬਸੂਰਤ ਪੁਸਤਕ ਲਿਆਉਣ ‘ਤੇ ਮੁਬਾਰਕਬਾਦ ਅਤੇ ਅਸੀਸ ਦਿੱਤੀ ਅਤੇ ਅੱਗੋਂ ਵੀ ਇਹ ਕਾਰਜ ਜਾਰੀ ਰੱਖਣ ਲਈ ਕਿਹਾ। ਗੁਰਨਾਮ ਸਿੰਘ ਕੈਰੋਂ ਵੱਲੋਂ ਸਮਾਗ਼ਮ ਵਿਚ ਸ਼ਾਮਲ ਹੋਏ ਸਮੂਹ-ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਪਰੰਤ, ਸਾਰਿਆਂ ਨੇ ਮਿਲ ਕੇ ਸੁਆਦਲੇ ਰਾਤਰੀ-ਭੋਜਨ ਦਾ ਅਨੰਦ ਮਾਣਿਆਂ। ਸਤਨਾਮ ਸਿੰਘ ਕੈਰੋਂ ਅਤੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਦੀ ਖ਼ੂਬ ਖ਼ਾਤਰ-ਤਵੱਜੋਂ ਕੀਤੀ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …