Breaking News
Home / ਪੰਜਾਬ / ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ‘ਗੁਰੂ ਨਾਨਕ ਚੇਅਰ’ ਦੀ ਸਥਾਪਨਾ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ‘ਗੁਰੂ ਨਾਨਕ ਚੇਅਰ’ ਦੀ ਸਥਾਪਨਾ

ਉਦਘਾਟਨੀ ਸਮਾਰੋਹ ‘ਚ ਚਰਨਜੀਤ ਸਿੰਘ ਚੰਨੀ, ਸ੍ਰੀਸ੍ਰੀ ਰਵੀ ਸ਼ੰਕਰ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਪਹੁੰਚੇ
ਮੁਹਾਲੀ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ‘ਗੁਰੂ ਨਾਨਕ ਚੇਅਰ’ ਦੀ ਸਥਾਪਨਾ ਕੀਤੀ ਗਈ, ਜਿਥੇ ਕਿ ਵਿਦਿਆਰਥੀਆਂ ਨੂੰ ਬਾਬੇ ਨਾਨਕ ਦੀਆਂ ਸਿੱਖਿਆਵਾਂ, ਉਪਦੇਸ਼ਾਂ ਤੇ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਬਾਬਤ ਖੋਜ ਕਾਰਜਾਂ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਦਘਾਟਨੀ ਸਮਾਰੋਹ ਦੌਰਾਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਵਿਸ਼ਵ ਪ੍ਰਸਿੱਧ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ, ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ, ਪ੍ਰੋ. ਚਾਂਸਲਰ ਡਾ.ਆਰ.ਐਸ. ਬਾਵਾ ਤੇ ਪ੍ਰੋ.ਵਾਈਸ ਚਾਂਸਲਰ ਪ੍ਰੋ. ਬੀ.ਐਸ. ਸੋਹੀ ਉੱਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸੇ ਦੌਰਾਨ ਮੁੱਖ ਮਹਿਮਾਨਾਂ ਦੀ ਹਾਜ਼ਰੀ ਵਿਚ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਗੁਰੂ ਨਾਨਕ ਬਗ਼ੀਚੀ’ ਦਾ ਉਦਘਾਟਨ ਵੀ ਕੀਤਾ ਗਿਆ, ਉਪਰੰਤ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਨੇੜਲੇ 13 ਪਿੰਡਾਂ ਵਿਚ ‘ਗੁਰੂ ਨਾਨਕ ਬਗ਼ੀਚੀਆਂ’ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ‘ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਤੇ ਸਥਿਰ ਵਿਕਾਸ ਲਈ ਸੰਯੁਕਤ ਰਾਸ਼ਟਰ ਦਾ ਏਜੰਡਾ’ ਵਿਸ਼ੇ ਉਤੇ ਅੰਤਰਰਾਸ਼ਟਰੀ ਸੈਮੀਨਾਰ ਵੀ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ। ਇਸੇ ਦੌਰਾਨ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੇ ਸੂਬੇ ਵਿਚ ਵੱਡੀ ਗਿਣਤੀ ‘ਚ ਧਾਰਮਿਕ ਸਮਾਗਮ ਉਲੀਕੇ ਗਏ ਹਨ, ਧਾਰਮਿਕ ਸਮਾਗਮਾਂ ਦੀ ਇਹ ਲੜੀ ਪੰਜਾਬ ਸਰਕਾਰ ਵਲੋਂ 30 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤੀ ਸਮਾਗਮ ਨਾਲ ਕੀਤੀ ਜਾਵੇਗੀ। ਅੰਤਰਰਾਸ਼ਟਰੀ ਸੈਮੀਨਾਰ ਦੌਰਾਨ ਡਾ. ਐਸ.ਪੀ. ਸਿੰਘ ਓਬਰਾਏ (ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਬੰਧਕੀ ਟਰੱਸਟੀ), ਪ੍ਰੋ.ਨਸੀਮ ਹਾਮਿਦੁੱਲਾ, ਪ੍ਰੋ. ਐਨ.ਮੁਥੂ ਮੋਹਨ ਮਧੂਰਾਏ, ਪ੍ਰੋ. ਸੁਰਜੀਤ ਕੌਰ ਚਾਹਲ, ਡਾ.ਅਮਨਪ੍ਰੀਤ ਸਿੰਘ ਗਿੱਲ, ਪ੍ਰੋ.ਬਲਵੰਤ ਸਿੰਘ ਢਿੱਲੋਂ, ਪ੍ਰੋ. ਹਿਮਾਦਰੀ ਬੈਨਰਜੀ, ਡਾ.ਅਮਰਜੀਤ ਸਿੰਘ, ਪ੍ਰੋ.ਗੁਰਿੰਦਰ ਸਿੰਘ ਮਾਨ, ਪ੍ਰੋ.ਮੋਨਿਕਾ ਹੋਰਜਮਾਨ ਤੇ ਪ੍ਰੋ. ਦਵਿੰਦਰਪਾਲ ਸਿੰਘ ਆਦਿ ਵਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਅਖੀਰ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸੰਬੋਧਨ ਕੀਤਾ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …