Breaking News
Home / ਕੈਨੇਡਾ / ਮਈ ਦਿਵਸ ਸੈਮੀਨਾਰ ‘ਚ ਗੰਭੀਰ ਵਿਚਾਰ ਵਟਾਂਦਰਾ

ਮਈ ਦਿਵਸ ਸੈਮੀਨਾਰ ‘ਚ ਗੰਭੀਰ ਵਿਚਾਰ ਵਟਾਂਦਰਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀਆਂ ਤਿੰਨ ਅਗਾਂਹਵਧੂ ਜਥੇਬੰਦੀਆਂ, ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਲੰਘੇ ਐਤਵਾਰ ਕਰਵਾਏ, ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਵਿਚ ਗੰਭੀਰ ਵਿਚਾਰ ਵਟਾਂਦਰਾ ਹੋਇਆ।
ਤਕਰੀਬਨ ਦੋ ਘੰਟੇ ਚੱਲੇ ਸੈਮੀਨਾਰ ਵਿਚ ਦਿਵਸ ਦੇ ਇਤਿਹਾਸ ਅਤੇ ਇਸ ਦੀ ਅਜੋਕੇ ਸਮੇਂ ਵਿਚ ਮਹੱਤਤਾ ‘ਤੇ ਜ਼ਿਆਦਾ ਜ਼ੋਰ ਰਿਹਾ। ਪ੍ਰੋਗਰਾਮ ਦੇ ਸ਼ੁਰੂ ਵਿਚ ਡਾ. ਬਲਜਿੰਦਰ ਸਿੰਘ ਸੇਖੋਂ ਵਲੋਂ ਸਭ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਬਦਲੇ ਹਾਲਾਤ ਵਿਚ ਵੱਡੀਆਂ ਕੁਰਬਾਨੀਆਂ ਦੇ ਕੇ ਲਈਆਂ ਸਹੂਲਤਾਂ ਨੂੰ ਸਰਕਾਰਾਂ ਅਤੇ ਹੋਰ ਕਾਰਪੋਰੇਸ਼ਨਾਂ ਵਲੋਂ ਆਨੇ ਬਹਾਨੇ ਖੋਹਣ ਦੀਆਂ ਕੋਸ਼ਿਸ਼ਾਂ ਪ੍ਰਤੀ ਚੇਤਨ ਰਹਿਣ ‘ਤੇ ਜ਼ੋਰ ਦਿੱਤਾ। ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸੁਰਜੀਤ ਸਹੋਤਾ ਨੇ ਮਈ ਦਿਵਸ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨੀਵੀਂ ਸਦੀ ਦੇ ਸ਼ੁਰੂ ਵਿਚ ਕਿਰਤੀਆਂ ਨੂੰ ਹਫਤੇ ਵਿਚ ਛੇ ਦਿਨ, 10 ਤੋਂ 16 ਘੰਟੇ ਕੰਮ ਕਰਨਾ ਪੈਂਦਾ ਸੀ। ਇੰਗਲੈਂਡ ਵਿਚ ਰਾਬਰਟ ਓਵਨ ਨੇ 1810 ਵਿਚ ਪਹਿਲਾਂ 10 ਘੰਟੇ ਦੀ ਦਿਹਾੜੀ ਦੀ ਮੰਗ ਰੱਖੀ, ਪਰ 1817 ਵਿਚ ਉਸ ਨੇ ਨਾਹਰਾ ਦਿੱਤਾ, ”ਅੱਠ ਘੰਟੇ ਮਜ਼ਦੂਰੀ, ਅੱਠ ਘੰਟੇ ਮੰਨੋਰੰਜਨ, ਅੱਠ ਘੰਟੇ ਅਰਾਮ”। ਸ਼ਿਕਾਗੋ ਵਿਚਲੀ ਇਹ ਹੜਤਾਲ ਵੀ ਇਸੇ ਕੜੀ ਦਾ ਹਿੱਸਾ ਸੀ। ਇਨ੍ਹਾਂ ਕੁਰਬਾਨੀਆਂ ਸਦਕਾ ਹੀ ਅੱਜ ਕੱਲ੍ਹ ਦੇ ਕਾਮੇ ਆਮ ਕਰਕੇ ਅੱਠ ਜਾਂ ਇਸ ਤੋਂ ਘੱਟ ਸਮੇਂ ਦੀ ਦਿਹਾੜੀ ਹੀ ਕਰਦੇ ਹਨ। ਕੈਨੇਡੀਅਨ ਲੇਬਰ ਕਾਂਗਰਸ ਦੀ ਕਾਰਕੁੰਨ ਗੋਗੀ ਭੰਡਾਲ ਨੇ ਸਾਰੇ ਕੈਨੇਡਾ ਨਿਵਾਸੀਆਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਦੀ ਵਕਾਲਤ ਕਰਦਿਆਂ ਦੱਸਿਆ ਕਿ ਹੁਣ ਤੱਕ ਲਾਏ ਸਾਰੇ ਅਨੁਮਾਨ ਦਸਦੇ ਹਨ ਕਿ ਇਸ ਸਹੂਲਤ ਨਾਲ ਲੋਕਾਂ ਦੀ ਸਹਿਤ ਵਿਚ ਸੁਧਾਰ ਹੋਵੇਗਾ ਅਤੇ ਸਰਕਾਰ ਸਿਰ ਹੋਰ ਖਰਚਾ ਪੈਣ ਦੀ ਥਾਂ ਅਸਲ ਵਿਚ ਬੱਚਤ ਹੀ ਹੋਵੇਗੀ। ਪਾਕਿਸਤਾਨ ਅਗਾਂਹਵਧੂ ਜਥੇਬੰਦੀ ਤੋਂ ਆਏ ਫਰੈਂਕ ਸਪਟਾਲ ਨੇ ਪਾਕਿਸਤਾਨ ਵਿਚ ਕਾਮਿਆਂ ਵਲੋਂ ਕੀਤੀਆਂ ਜਾ ਰਹੀਆਂ ਜਦੋ ਜਹਿਦਾਂ ਬਾਰੇ ਦੱਸਿਆ। ਸੁਰਿੰਦਰ ਸ਼ੌਕਰ ਨੇ ਮਈ ਦਿਵਸ ਦੀ ਅਜੋਕੇ ਸਮੇਂ ਵਿਚ ਅਹਿਮੀਅਤ ਬਾਰੇ ਅਪਣੇ ਵਿਚਾਰ ਰੱਖੇ। ਕੈਨੇਡਾ ਦੀ ਕਮਿਊਨਿਸਟ ਪਾਰਟੀ ਦੇ ਡੇਵ ਮਕੀਅ ਨੇ ਦੇਸ਼ ਵਿਚਲੀ ਸਿਆਸਤ ਤੇ ਬੋਲਦਿਆਂ ਉਨਟਾਰੀਓ ਦੀਆਂ ਆ ਰਹੀਆਂ ਚੋਣਾਂ ਵਿਚ ਅਗਾਂਹਵਧੂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਤੇ ਜ਼ੋਰ ਦਿੱਤਾ। ਤਰਕਸ਼ੀਲ ਸੋਸਾਇਟੀ ਦੇ ਕੋਆਰਡੀਨੇਟਰ ਬਲਰਾਜ਼ ਸ਼ੌਕਰ ਨੇ ਕਾਮਿਆਂ ਦੀਆਂ ਜਥੇਬੰਦੀਆਂ ਨੂੰ ਤਕੜੇ ਕਰਨ ‘ਤੇ ਜ਼ੋਰ ਦਿੱਤਾ। ਇਸ ਸਮੇਂ ਲਵਲੀਨ ਕੌਰ ਤੇ ਅਮ੍ਰਿਤ ਢਿੱਲੋਂ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ, ਸੁਰਜੀਤ ਕੌਰ ਅਪਣੀਆਂ ਕਵਿਤਾਵਾਂ ਨਾਲ ਅਤੇ ਬਲਜੀਤ ਬੈਂਸ ਨੇ ਅਪਣੀ ਸੁਰੀਲੀ ਆਵਾਜ਼ ਵਿਚ ਇਨਕਲਾਬੀ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ।
ਰਿੰਦਰ ਹੁੰਦਲ ਜਿਨ੍ਹਾਂ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ੋਿਵਚ ਵੱਡਾ ਹਿਸਾ ਪਾਇਆ ਇਸ ਸਮੇਂ ਨੂੰ ਕੈਮਰੇ ਵਿਚ ਕੈਦ ਕਰਦੇ ਰਹੇ। ਤਰਕਸ਼ੀਲ ਸੁਸਾਇਟੀ ਦੇ ਬਲਦੇਵ ਰਹਿਪਾ ਅਤੇ ਨਿਰਮਲ ਸੰਧੂ ਨੇ ਕਿਤਾਬਾਂ ਦੀ ਨੁਮਾਇਸ਼ ਲਾਈ। ਆਖਿਰ ਵਿਚ ਕਮਿਊਨਿਸਟ ਪਾਰਟੀ ਦੇ ਵਿਲਫਰਡ ਸਜੈਂਨਸਕੀ ਨੇ ਕਾਮਿਆਂ ਦਾ ਅੰਤਰਾਸ਼ਟਰੀ ਗੀਤ ‘ਇੰਟਰਨੈਸ਼ਨਲ’ ਬੁਲੰਦ ਆਵਾਜ਼ ਵਿਚ ਗਾਇਆ ਅਤੇ ਸਾਰਿਆਂ ਨੇ ਉਨ੍ਹਾਂ ਦਾ ਇਸ ਨੂੰ ਗਾਉਣ ਵਿਚ ਸਾਥ ਦਿੱਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …