Breaking News
Home / ਪੰਜਾਬ / ਵਿਧਾਨ ਸਭਾ ਦਾ ਘਿਰਾਓ ਕਰਨ ਗਏ ਅਕਾਲੀਆਂ ਦੀ ਪੁਲਿਸ ਨਾਲ ਝੜਪ

ਵਿਧਾਨ ਸਭਾ ਦਾ ਘਿਰਾਓ ਕਰਨ ਗਏ ਅਕਾਲੀਆਂ ਦੀ ਪੁਲਿਸ ਨਾਲ ਝੜਪ

ਚੰਡੀਗੜ੍ਹ ‘ਚ ਪੁਲਿਸ ਨੇ ਅਕਾਲੀਆਂ ‘ਤੇ ਕੀਤਾ ਲਾਠੀਚਾਰਜ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਇਕ ਸਾਲ ਦੀਆਂ ਨਾਕਾਮੀਆਂ ਵਿਰੁੱਧ ਪੰਜਾਬ ਵਿਧਾਨ ਸਭਾ ਘੇਰਨ ਲਈ ਕੀਤੇ ਮਾਰਚ ਦੌਰਾਨ ਮੁਜ਼ਾਹਰਾਕਾਰੀਆਂ ਦੀਆਂ ਪੁਲਿਸ ਨਾਲ ਜ਼ੋਰਦਾਰ ਝੜਪਾਂ ਹੋਈਆਂ। ਇਸ ਦੌਰਾਨ ਅਕਾਲੀ ਵਰਕਰਾਂ ਨੇ ਪੁਲਿਸ ਨਾਕੇ ਤੋੜ ਦਿੱਤੇ ਅਤੇ ਪਥਰਾਅ ਵੀ ਕੀਤਾ। ਰੈਲੀ ਵਿਚ ਹਜ਼ਾਰਾਂ ਵਰਕਰ ਜੋਸ਼ ਨਾਲ ਸ਼ਾਮਲ ਹੋਏ। ਰੈਲੀ ਗਰਾਊਂਡ ਦੇ ਚੁਫੇਰੇ ਕਈ ਘੰਟੇ ਆਵਾਜਾਈ ਜਾਮ ਰਹੀ।
ਦੂਜੇ ਪਾਸੇ ਪੁਲਿਸ ਦੀਆਂ ਜਲ ਤੋਪਾਂ ਦੀਆਂ ਬੁਛਾੜਾਂ ਨਾਲ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਕਈ ਆਗੂਆਂ ਦੇ ਕੱਪੜੇ ਗੜੁੱਚ ਹੋ ਗਏ। ਅਕਾਲੀ ਦਲ ਦੀ ਦਿੱਲੀ ਇਕਾਈ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਕਈ ਜ਼ਖਮੀ ਹੋਏ। ਇਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਲਹਿ ਗਈਆਂ। ਪੁਲਿਸ ਨਾਲ ਹੋਈ ਝੜਪ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਜ਼ਖਮੀ ਹੋ ਗਏ, ਉਨ੍ਹਾਂ ਦੀ ਅੱਖ ‘ਤੇ ਸੱਟ ਵੱਜੀ ਹੈ। ਐਸਐਸਪੀ ਨੀਲਾਂਬਰੀ ਜਗਦਲੇ ਵਿਜੈ ਵੀ ਪੱਥਰ ਵੱਜਣ ਤੋਂ ਮਸਾਂ ਬਚੀ। ਪੁਲਿਸ ਨਾਲ ਹੋਈ ਲੰਮੀ ਖਿੱਚ-ਧੂਹ ਤੋਂ ਬਾਅਦ ઠਸੁਖਬੀਰ ਬਾਦਲ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਵਿਧਾਇਕਾਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਐਨ.ਕੇ. ਸ਼ਰਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਖੰਨਾ, ਹਰਦੀਪ ਸਿੰਘ ਬੁਟੇਰਲਾ, ਸ਼ਰਨਜੀਤ ਸਿੰਘ ਢਿੱਲੋਂ, ਰਾਜੂ ਖੰਨਾ, ਸਾਬਕਾ ਮੰਤਰੀ ਅਨਿਲ ਜੋਸ਼ੀ ਆਦਿ ਸਮੇਤ ਗ੍ਰਿਫਤਾਰੀਆਂ ਦਿੱਤੀਆਂ।
ਪਹਿਲਾਂ ਇਥੇ ਸੈਕਟਰ-25 ਵਿਖੇ ਰੈਲੀ ਹੋਈ। ਮਿਥੇ ਪ੍ਰੋਗਰਾਮ ਤਹਿਤ ਮਾਰਚ ਦੀ ਅਗਵਾਈ ਬਾਦਲ ਨੇ ਜੀਪ ‘ਤੇ ਸਵਾਰ ਹੋ ਕੇ ਕਰਨੀ ਸੀ ਪਰ ਆਪ-ਮੁਹਾਰੇ ਹੋਏ ਅਕਾਲੀ ਵਰਕਰਾਂ ਨੇ ਪਹਿਲਾਂ ਹੀ ਬਾਅਦ ਦੁਪਹਿਰ 1.20 ਵਜੇ ਮਾਰਚ ਸ਼ੁਰੂ ਕਰ ਦਿੱਤਾ। ਉਹ ਪਹਿਲਾ ਨਾਕਾ ਤੋੜਦਿਆਂ ਪੁਲਿਸ ਨੂੰ ਖਦੇੜ ਕੇ ਅੱਗੇ ਵਧ ਗਏ ਪਰ ਦੂਜੇ ਨਾਕੇ ‘ਤੇ ਐਸਐਸਪੀ ਨੀਲਾਂਬਰੀ ਦੀ ਅਗਵਾਈ ਹੇਠ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਡੀਐਸਪੀ ਰਾਮ ਗੋਪਾਲ ਨੇ ਮੁਜ਼ਾਹਰਾਕਾਰੀਆਂ ਨੂੰ ਖ਼ਬਰਦਾਰ ਕੀਤਾ ਕਿ ਚੰਡੀਗੜ੍ਹ ਵਿਚ ਧਾਰਾ 144 ਲੱਗੀ ਹੈ, ਉਹ ਅੱਗੇ ਨਾ ਵਧਣ। ਪਰ ਮੁਜ਼ਾਹਰਾਕਾਰੀ ਨਾਕੇ ਤੋੜਨ ਲਈ ਬਜ਼ਿੱਦ ਸਨ, ਜਦਕਿ ਚੰਡੀਗੜ੍ਹ, ਹਰਿਆਣਾ ਤੇ ਪੰਜਾਬ ਪੁਲਿਸ ਸਮੇਤ ਆਰਏਐਫ ਦੇ ਸੈਂਕੜੇ ਜਵਾਨ ਟਾਕਰੇ ਲਈ ਡਟੇ ਹੋਏ ਸਨ। ਮੁਜ਼ਾਹਰਾਕਾਰੀ ઠਪਿੱਛੇ ਨਾ ਹਟੇ ਤਾਂ ਮੌਜੂਦ ਡਿਊਟੀ ਮੈਜਿਸਟਰੇਟ ਨੇ ਜਲ ਤੋਪਾਂ ਖੋਲ੍ਹਣ ਦਾ ਹੁਕਮ ਦਿੱਤਾ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਪਥਰਾਅ ਕਰ ਕੇ ਪੁਲਿਸ ਨੂੰ ਪਿੱਛੇ ਧੱਕ ਦਿੱਤਾ ਪਰ ਸੁਖਬੀਰ ਬਾਦਲ ਨੇ ਗ੍ਰਿਫਤਾਰੀਆਂ ਦਾ ਐਲਾਨ ਕਰ ਦਿੱਤਾ। ਪੁਲਿਸ ਨੇ ਆਗੂਆਂ ਨੂੰ ਬੱਸਾਂ ਰਾਹੀਂ ਲਿਆ ਕੇ ਸੈਕਟਰ 17 ਦੇ ਥਾਣੇ ਵਿਚ ਬੰਦ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ। ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਇਕ ਸਾਲ ਵਿਚ ਹੀ ਸਾਰੇ ਪੱਖਾਂ ਤੋਂ ਜਲੂਸ ਨਿਕਲ ਗਿਆ ਹੈ ਤੇ ਅਕਾਲੀ-ਭਾਜਪਾ ਗੱਠਜੋੜ 2019 ਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਦੀਆਂ ਸਮੂਹ 13 ਸੀਟਾਂ ਉਪਰ ਜਿੱਤ ਦਰਜ ਕਰੇਗਾ। ਰੈਲੀ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵੀ ਸੰਬੋਧਨ ਕੀਤਾ।
ਅਕਾਲੀ ਸਮਰਥਕਾਂ ਨੇ ਸੜਕਾਂ ‘ਤੇ ਹੀ ਖੋਲ੍ਹੇ ਬੋਤਲਾਂ ਦੇ ਡਟ
ਚੰਡੀਗੜ੍ਹ ਵਿਚ ਜਿੱਥੇ ਅਕਾਲੀਆਂ ਦੀ ਰੈਲੀ ਚੱਲ ਰਹੀ ਸੀ, ਉਥੇ ਹੀ ਦੂਜੇ ਪਾਸੇ ਇਸ ਰੈਲੀ ਵਿਚ ਪੰਜਾਬ ਤੋਂ ਆਏ ਅਕਾਲੀ ਸਮਰਥਕ ਖੂਬ ਸ਼ਰਾਬ ਪੀਂਦੇ ਵੀ ਨਜ਼ਰ ਆਏ। ਸਿਰਫ ਇੰਨਾ ਹੀ ਨਹੀਂ, ਅਕਾਲੀ ਸਮਰਥਕਾਂ ਨੇ ਸੜਕਾਂ ‘ਤੇ ਹੀ ਬੋਤਲਾਂ ਦੇ ਡਟ ਖੋਲ੍ਹਣੇ ਸ਼ੁਰੂ ਕਰ ਦਿੱਤੇ। ਸਰਾਬ ਦੇ ਠੇਕਿਆਂ ‘ਤੇ ਕਾਫੀ ਭੀੜ ਲੱਗੀ ਦੇਖੀ ਗਈ। ਜਿਸ ਕਰਕੇ ਅੱਜ ਰੈਲੀ ਸਥਾਨ ਦੇ ਨੇੜੇ ਜਿਹੜੇ ਠੇਕੇ ਸਨ, ਉਨ੍ਹਾਂ ਨੂੰ ਖੂਬ ਫਾਇਦਾ ਹੋਇਆ। ਹਾਲ ਇਹ ਰਿਹਾ ਕਿ ਸ਼ਰਾਬ ਦੀ ਵਿਕਰੀ ਜ਼ਿਆਦਾ ਦੇਖਦਿਆਂ ਠੇਕੇਦਾਰਾਂ ਨੇ ਸ਼ਰਾਬ ਹੀ ਸਸਤੀ ਕਰ ਦਿੱਤੀ ਅਤੇ ਰੈਲੀ ਵਿਚ ਆਏ ਲੋਕ ਸ਼ਰਾਬ ਦੇ ਨਸ਼ੇ ਵਿਚ ਮਸਤ ਹੋਏ ਨਜ਼ਰ ਆਏ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …