ਸੁਖਪਾਲ ਸਿੰਘ ਗਿੱਲ
ਕੁਦਰਤੀ ਦਾਤ ਪਾਣੀ ਨੂੰ ਪਿਲਾਉਣ ਦਾ ਸੁਭਾਅ ਸਾਡੀ ਸੱਭਿਅਤਾ ਨੇ ਪੁੰਨ ਕਰਮ ਵਿੱਚ ਰੱਖਿਆ ਹੋਇਆ ਹੈ। ਸਮਾਜ ਵਿੱਚ ਚਾਅ ਮਲਾਰ ਅਤੇ ਭਾਈਚਾਰਕ ਏਕਤਾ ਸੱਭਿਅਤਾ ਦੇ ਵਿਕਾਸ ਨਾਲ ਗੂੜ੍ਹੀ ਹੁੰਦੀ ਗਈ। ਪਾਪ ਪੁੰਨ ਦਾ ਸੰਕਲਪ ਸਾਡੇ ਜੀਵਨ ਦਾ ਅੰਗ ਰਹੇ। ਪਾਣੀ ਜੋ ਸਾਡੇ ਜੀਵਨ ਦਾ ਆਧਾਰ ਹੈ, ਇਸਨੂੰ ਪੁੰਨ ਨਾਲ ਜੋੜਿਆ ਗਿਆ। ਔਖੇ ਰਸਤਿਆਂ ਦਾ ਪਾਂਧੀ ਹੋਣ ਕਰਕੇ ਮਨੁੱਖ ਨੂੰ ਨਾਲ ਪਾਣੀ ਚੁੱਕਣ ਦੀ ਦਿਕਤ ਸੀ। ਇਸ ਲਈ ਆਮ ਥਾਵਾਂ ਤੇ ਪਾਣੀ ਦੇ ਪਿਆਊ ਹੁੰਦੇ ਸਨ। ਸਾਡੇ ਸਭਿਆਚਾਰ ਦੀ ਤਸਵੀਰ ਵਿੱਚ ਮਹਿਮਾਨ ਨਿਵਾਜ਼ੀ ਸਮੇਂ ਪਹਿਲਾਂ ਪਾਣੀ ਪੇਸ਼ ਕੀਤਾ ਜਾਂਦਾ ਹੈ।
ਗੁਰੂ ਸਾਹਿਬ ਨੇ ਫਰਮਾਇਆ ਸੀ ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ’ ਪੰਚਮ ਪਾਤਸ਼ਾਹ ਨੇ ਵੀ ਸ਼੍ਰੀ ਗੁਰੂ ਹਰਗੋਬਿੰਦ ਦੇ ਜਨਮ ਦੀ ਖੁਸ਼ੀ ਵਿੱਚ 1654ਈ. ਵਿੱਚ 6 ਹਲਟਾਂ ਵਾਲਾ ਖੂਹ ਲਗਵਾਇਆ ਸੀ। ਇੰਨੇ ਮਾਣਮੱਤੇ ਸਿਧਾਤਾਂ ਨੂੰ ਅਣਗੌਲਿਆ ਕਰਕੇ ਭਵਿੱਖ ਕੰਧਾਂ ਉੱਤੇ ਟੱਕਰਾ ਮਾਰਨ ਵਾਲਾ ਹੋ ਗਿਆ ਹੈ। 1947 ਦੇ ਬਟਵਾਰੇ ਸਮੇਂ ਪਾਣੀ ਦੇ ਖੂਹਾਂ ਵਿੱਚ ਜ਼ਹਿਰ ਮਿਲਾਉਣ ਦਾ ਕਾਰਾ ਵੀ ਹੋਇਆ। ਅਜੋਕੇ ਸਮੇਂ ਕੁਦਰਤ ਨਾਲ ਕੀਤੀ ਛੇੜਛਾੜ ਕਰਕੇ ਘਰਾਂ ਵਿੱਚ ਖੂਹ ਅਤੇ ਨਲਕੇ ਸੁੱਕੇ ਪਏ ਹਨ। ਸ਼ੁੱਧ ਪਾਣੀ ਦੀ ਚੁਣੋਤੀ ਬੂਹੇ ਉੱਤੇ ਖੜ੍ਹੀਂ ਹੈ। ਅੱਜ ਕੁਦਰਤ ਦੀ ਅਨਮੋਲ ਦਾਤ ਪਾਣੀ ਮੁੱਲ ਵਿਕਦਾ ਹੈ। ਇਸ ਲਈ ਇਹ ਪੁੰਨ ਕਰਮ ਤੋਂ ਦੂਰ ਹੋ ਰਿਹਾ ਹੈ। ਮਨੁੱਖ ਪੁੰਨ ਬਾਰੇ ਪੜ੍ਹਦਾ ਸੁਣਦਾ ਰਿਹਾ ਪਰ ਦੂਜੇ ਕੰਨ ਰਾਹੀਂ ਬਾਹਰ ਕੱਢਦਾ ਰਿਹਾ। ਬੇਸੋਝੀ, ਲਾਲਚ, ਈਰਖਾ ਨੇ ਪਾਪ ਪੁੰਨ ਰਲਗੱਡ ਕਰ ਦਿੱਤੇ। ਸਾਡੀ ਬਲਵਾਨ ਸੰਸਕ੍ਰਿਤੀ ਨੂੰ ਵੀ ਗ੍ਰਹਿਣ ਲਾਉਣ ਦੀ ਕੋਸ਼ਿਸ਼ ਕੀਤੀ। ਪਾਣੀ ਨੂੰ ਆਬ ਹੱਯਾਤ ਦਾ ਰੁਤਬਾ ਹੈ। ਹੁਣ ਪਾਣੀ ਪੀਣ ਤੋਂ ਪਹਿਲਾਂ ਦੇਖਿਆ ਅਤੇ ਸੋਚਿਆ ਜਾਂਦਾ ਹੈ ਕਿ ਪਾਣੀ ਪੀਤਾ ਜਾਵੇ ਜਾਂ ਨਹੀਂ। ਜਦੋਂ ਘਰ ਵਿੱਚ ਆ ਕੇ ਕੋਈ ਪੁੱਛਦਾ ਹੈ ਕਿ ਪਾਣੀ ਫਿਲਟਰ ਵਾਲਾ ਹੈ? ਤਾਂ ਸੱਭਿਆਚਾਰ ਘਸਮੈਲਾ ਹੋ ਜਾਂਦਾ ਹੈ। ਹਰ ਇੱਕ ਬੰਦਾ ਘਰ ਵਿੱਚ ਸ਼ੁੱਧ ਪਾਣੀ ਨਹੀਂ ਵਰਤ ਸਕਦਾ। ਸਰਕਾਰ ਵੱਲੋਂ ਚਲਾਈਆਂ ਸਕੀਮਾਂ ਵੀ ਫੇਲ੍ਹ ਹੋਣ ਦੀਆਂ ਰਿਪੋਰਟਾਂ ਹਨ। ਮਨੁੱਖੀ ਲਾਲਚੀ ਪ੍ਰਵਿਰਤੀ ਨੇ ਪਾਣੀ ਵਿੱਚ ਜ਼ਹਿਰੀਲੇ ਮਾਦੇ ਘੋਲ ਕੇ ਆਉਣ ਵਾਲੀਆਂ ਨਸਲਾਂ ਨਾਲ ਧੋਖਾ ਕੀਤਾ। ਅੰਮ੍ਰਿਤ ਵਿੱਚ ਜ਼ਹਿਰ ਘੋਲਣ ਤੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ। ਜ਼ਹਿਰੀਲੇ ਪਾਣੀ ਨੇ ਮਨੁੱਖ ਨੂੰ ਬੀਮਾਰੀਆਂ ਵਿੱਚ ਜਕੜ ਲਿਆ। ਅੰਮ੍ਰਿਤਸਰ ਵਿੱਚ 2012 ਵਿੱਚ 593 ਕੈਂਸਰ ਰੋਗੀ ਸਨ ਜ਼ੋ ਕਿ 2014 ਵਿੱਚ 914 ਹੋਏ। ਜਲੰਧਰ ਵਿੱਚ 2012 ਵਿੱਚ 305 ਕੈਂਸਰ ਰੋਗੀ ਜ਼ੋ ਕਿ 2014 ਵਿੱਚ 543 ਹੋਏ। ਬਠਿੰਡਾ ਵਿੱਚ 2012 ਵਿੱਚ 509 ਕੈਂਸਰ ਰੋਗੀ ਜ਼ੋ ਕਿ 2014 ਵਿੱਚ 619 ਹੋਏ। ਇਸ ਗ੍ਰਾਫ ਨਾਲ ਮਾਝੇ, ਮਾਲਵੇ ਅਤੇ ਦੁਆਬੇ ਦਾ ਨਕਸ਼ਾ ਪੇਸ਼ ਹੋ ਰਿਹਾ ਹੈ।
ਯੂ. ਐਨ. ੳ. 2050 ਤੱਕ ਪਾਣੀ ਦੀ ਪੂਰਤੀ ਬਾਰੇ ਚਿੰਤਤ ਹੈ। ਸ਼ੁੱਧ ਪਾਣੀ ਦੀ ਪਹੁੰਚ ਤੋਂ ਅੱਜ ਵੀ ਦੂਰ ਹੁੰਦੇ ਜਾ ਰਹੇ ਹਾਂ। ਮਨੁੱਖੀ ਸਰੀਰ ਵਿੱਚ 55 ਤੋਂ 78 ਪ੍ਰਤੀਸ਼ਤ ਪਾਣੀ ਹੈ। ਇਸਦੀ ਪੂਰਤੀ ਲਈ ਹੀ ਪਾਣੀ ਪੀਣ ਦੀ ਜ਼ਰੂਰਤ ਪੈਂਦੀ ਹੈ। ਹੁਣ ਪਾਣੀ ਪਿਲਾਉਣਾ ਪੁੰਨ ਕਰਮ ਨਾਲ ਜੋੜ ਕੇ ਦੇਖਣ ਦੀ ਬਜਾਏ ਦੁਨੀਆਂ ਦੀ ਅਰਥ ਵਿਵਸਥਾ ਨਾਲ ਜ਼ੋੜ ਕੇ ਦੇਖਿਆ ਜਾਂਦਾ ਹੈ।
ਇਨ੍ਹਾਂ ਕਾਰਨਾਂ ਕਰਕੇ ਅੱਜ ਮਨੁੱਖ ਦਾ ਸਮਾਜਿਕ ਪ੍ਰਾਣੀ ਵਾਲਾ ਰੁਤਬਾ ਖੁਸਣ ਵੱਲ ਜਾ ਰਿਹਾ ਹੈ। ਗੁਰੂਆਂ ਦੇ ਹੁਕਮਾਂ ਦੀ ਉਲੰਘਣਾ ਦਾ ਨਿਬੇੜਾ ਕੰਧਾਂ ਨਾਲ ਟੱਕਰਾ ਮਾਰਨ ਵਾਲਾ ਹੋਵੇਗਾ। ਪਾਣੀ ਨੂੰ ਪੁੰਨ ਅਤੇ ਸ਼ੁੱਧ ਰੱਖਣ ਲਈ ਲਾਲਚੀ ਅਤੇ ਸੁੱਤੀ ਸੋਚ ਨੂੰ ਮੁੜ ਕੇ ਵਿਰਾਸਤੀ ਸੰਸਕ੍ਰਿਤੀ ਦੇ ਕੀਲੇ ਨਾਲ ਬੰਨਣਾ ਪਵੇਗਾ। ਇਸ ਨਾਲ ਹੀ ਗੁਰੂਆਂ ਦੇ ਹੁਕਮਾਂ ਅਨੁਸਾਰ ਜੀਵਨ ਬਸਰ ਕਰਕੇ ਭਵਿੱਖ ਸੁਖਾਲਾ ਹੋਣ ਦੀ ਆਸ ਬੱਝੇਗੀ। – 98781-11445
Check Also
ਵਾਲਾਂ ਨੂੰ ਝੜਨ ਤੋਂ ਰੋਕਣ ਲਈ ਕੁੱਝ ਉਪਾਅ
ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …