-2.3 C
Toronto
Thursday, December 4, 2025
spot_img
Homeਘਰ ਪਰਿਵਾਰਧਰੋ ਧਿਆਨ

ਧਰੋ ਧਿਆਨ

ਹਰਜੀਤ ਬੇਦੀ
ਦਰੱਖਤ ਤੋਂ ਡਿੱਗੇ ਪੱਤਿਆਂ ਦੀ ਥਾਂ ਨਵੇਂ ਪੱਤੇ ਲੈ ਲੈਂਦੇ ਹਨ। ਪਰ ਜਦੋਂ ਆਪੇ ਬਣਾਏ ਮਿੱਤਰ ਨਜ਼ਰਾਂ ਚੋਂ ਡਿੱਗ ਪੈਣ ਤਾਂ ਉਸਦਾ ਕੋਈ ਬਦਲ ਨਹੀਂ। ਨਵੇਂ ਮਿੱਤਰ ਬਣਾਉਣ ਦਾ ਹੌਸਲਾ ਕੋਈ ਕਿਵੇਂ ਕਰੂ?
ਬਾਹਰ ਪੈ ਰਿਹਾ ਮੋਹਲੇਧਾਰ ਮੀਂਹ ਬਹੁਤ ਕੁੱਝ ਰੋੜ੍ਹ ਕੇ ਲਿਜਾ ਸਕਦਾ ਹੈ। ਪਰ ਸਭ ਕੁੱਝ ਨਹੀਂ। ਮਨੁੱਖ ਦੇ ਅੰਦਰੋ ਅੰਦਰ ਡਿੱਗ ਰਹੇ ਦੋ ਹੰਝੂ ਉਸ ਦਾ ਸਭ ਕੁੱਝ ਰੋੜ੍ਹ ਕੇ ਲਿਜਾ ਸਕਦੇ ਨੇ।
ਇਕੱਲੀਆਂ ਕੁੜੀਆਂ ਜਾਂ ਔਰਤਾਂ ਹੀ ਚਿੜੀਆਂ ਨਹੀਂ ਹੁੰਦੀਆਂ। ਹਰ ਉਹ ਵਿਅਕਤੀ ਜੋ ਕਮਜ਼ੋਰ ਹੁੰਦਾ ਹੈ ਜਾਂ ਜਿਸ ਨੂੰ ਕਮਜ਼ੋਰ ਬਣਾ ਕੇ ਰੱਖਿਆ ਹੁੰਦਾ ਹੈ। ਉਹ ਚਿੜੀ ਹੀ ਹੁੰਦਾ ਹੈ। ਉਹ ਆਪਣੀ ਮਰਜ਼ੀ ਨਾਲ ਕੁੱਝ ਨਹੀਂ ਕਰ ਸਕਦਾ। ਚਿੜੀ ਵਿਚਾਰੀ ਕੀ ਕਰੇ?
ਗੁਣਾਂ ਨਾਲ ਭਰਪੂਰ ਵਿਅਕਤੀ ਦੂਜਿਆਂ ਦੇ ਸਿਰਫ ਗੁਣ ਹੀ ਦੇਖਣ ਦਾ ਆਦੀ ਹੁੰਦਾ ਹੈ। ਪਰੰਤੂ ਜਿਸ ਵਿੱਚ ਗੁਣਾਂ ਨਾਲੋਂ ਔਗੁਣ ਵੱਧ ਹੁੰਦੇ ਹਨ ਉਹ ਖੁਰਦਬੀਨ ਲੈ ਕੇ ਦੂਜਿਆਂ ਦੇ ਦੋਸ਼ ਲਭਦਾ ਫਿਰਦਾ ਹੈ ਤਾਂ ਕਿ ਆਪਣੇ ਆਪ ਨੂੰ ਗੁਣਵਾਨ ਸਿੱਧ ਕਰ ਸਕੇ।
ਜੋ ਵਿਅਕਤੀ ਬਹੁਤਾ ਬੋਲਦਾ ਹੈ। ਆਪਣੀ ਹੀ ਗੱਲ ਕਹਿਣੀ ਚਾਹੁੰਦਾ ਹੈ ਪਰ ਕਿਸੇ ਹੋਰ ਦੀ ਸੁਣਨੀ ਨਹੀਂ। ਉਹ ਕੁੱਝ ਸਿੱਖ ਨਹੀਂ ਸਕਦਾ। ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨ ਵਾਲੇ ਹੀ ਕੁੱਝ ਸਿੱਖ ਸਕਦੇ ਹਨ।
ਹਾਊਮੇ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਕੀਟਾਣੂ ਖਾਲੀ ਭਾਂਡੇ ਨੂੰ ਭਰਿਆ ਮਹਿਸੂਸ ਕਰਾਉਣ ਲਗਦੇ ਹਨ। ਉਸ ਭਾਡੇ ਵਿੱਚ ਹਾਊਮੇ ਤੇ ਹੰਕਾਰ ਤੋਂ ਬਿਨਾਂ ਕੁੱਝ ਨਹੀਂ ਪੈ ਸਕਦਾ। ਹੰਕਾਰੀ ਦੇ ਹੰਕਾਰ ਨੂੰ ਦੇਖ ਕੇ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਹ ਖਾਲੀ ਭਾਂਡਾ ਹੈ।
ਚੋਰ ਵਿੱਚ ਚੋਰ ਨੂੰ ਫੜਨ ਦੀ ਯੋਗਤਾ ਜਰੂਰ ਹੀ ਜਿਆਦਾ ਹੋ ਸਕਦੀ ਹੈ ਕਿਉਂਕਿ ਇਹ ਉਸ ਦੇ ਜੀਵਨ ਦੇ ਤਜ਼ਰਬੇ ਨਾਲ ਜੁੜੀ ਗੱਲ ਹੈ। ਬਹੁਤ ਸਾਰੇ ਫਰਾਡੀ ਦੂਜਿਆਂ ਨੂੰ ਫਰਾਡ ਤੋਂ ਸੁਚੇਤ ਕਰਨ ਦਾ ਦਾਅਵਾ ਕਰਦੇ ਮਿਲਣਗੇ।
ਸਮਝਿਆ ਜਾ ਰਿਹਾ ਹੈ ਕਿ ਲੋਕਾਂ ਵਿੱਚ ਬਹੁਤ ਹੀ ਜਾਗਰਤੀ ਆ ਰਹੀ ਹੈ ਪਰ ਇਹ ਛਲਾਵਾ ਮਾਤਰ ਬਣ ਕੇ ਰਹਿ ਗਈ ਹੈ। ਵਿਗਿਆਨ ਦੇ ਵਿਰੋਧੀ ਹੀ ਕੂੜ ਫੈਲਾਉਣ ਲਈ ਵਿਗਿਆਨਕ ਕਾਢਾਂ ਦੀ ਵਰਤੋਂ ਜਿਆਦਾ ਕਰ ਰਹੇ ਹਨ।
ਬਾਬੇ ਤੇ ਠੱਗ ਕਿਸਮ ਦੇ ਅਖੌਤੀ ਧਾਰਮਿਕ ਲੋਕ ਰੱਬ ਦੀ ਹੋਂਦ ਤੋਂ ਪਰੈਕਟੀਕਲ ਤੌਰ ਤੇ ਮੁਨਕਰ ਹਨ। ਉਹ ਲੋਕਾਂ ਨੂੰ ਤਾਂ ਕਹਿੰਦੇ ਹਨ ਰੱਬ ਸਭ ਕੁੱਝ ਦੇਖ ਰਿਹਾ ਹੈ ਪਰ ਉਹ ਅਜਿਹੀਆਂ ਕਰਤੂਤਾਂ ਕਰਦੇ ਹਨ ਜਿਵੇਂ ਉਨ੍ਹਾ ਨੂੰ ਪੱਕਾ ਪਤਾ ਹੋਵੇ ਕਿ ਰੱਬ ਜਦੋਂ ਹੈ ਹੀ ਨਹੀਂ ਤਾਂ ਉਨ੍ਹਾਂ ਨੂੰ ਦੇਖੂ ਕਿਵੇਂ?
ਜਿੱਥੇ ਜਿੱਥੇ ਵੀ ਧਰਮ ਦਾ ਜਿਆਦਾ ਸ਼ੋਰ ਪਾਇਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਦੀ ਜਿੰਦਗੀ ਨਰਕ ਬਣਦੀ ਜਾ ਰਹੀ ਹੈ। ਧਰਮ ਦੇ ਨਾਂ ਤੇ ਰਾਜ ਕਰ ਰਹੇ ਲੋਕ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਆਜ਼ਾਦੀ ਧਰਮ ਦੇ ਨਾਂ ਤੇ ਖੋਹ ਰਹੇ ਹਨ।
ਇਹ ਮਾਵਾਂ ਦੀ ਕਿੱਡੀ ਵੱਡੀ ਤ੍ਰਾਸਦੀ ਹੈ ਕਿ ਉਹਨਾਂ ਨੂੰ ਰੋਲਣ ਵਾਲੇ ਹੀ ਗਾਵਾਂ ਦੇ ਰੱਖਿਅਕ ਹੋਣ ਦਾ ਦਾਅਵਾ ਕਰ ਕੇ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਰਹੇ ਹਨ। ਆਪਣੀ ਮਾਂ ਦੇ ਦੁੱਧ ਨੂੰ ਭੁਲਾ ਕੇ ਗਾਂ-ਮੂਤਰ ਦੇ ਦਿਵਾਨੇ ਹੋਏ ਫਿਰਦੇ ਹਨ।
ਕਿਸੇ ਨਾਲ ਧੋਖਾ ਜਾਂ ਫਰੇਬ ਕਰਨ ਨੂੰ ਕਲਾ ਜਾਂ ਹੁਨਰ ਦਾ ਨਾਂ ਦਿੱਤਾ ਜਾ ਰਿਹਾ ਹੈ। ਜੋ ਲੋਕ ਧੋਖੇਬਾਜਾਂ ਦੇ ਜਾਲ ਵਿੱਚ ਫਸ ਕੇ ਉਹਨਾਂ ਤੇ ਇਤਬਾਰ ਕਰ ਬੈਠਦੇ ਹਨ ਉਹ ਗੁਨਾਹਗਾਰ ਸਾਬਤ ਹੋ ਸਕਦੇ ਹਨ।
ਕਹਿੰਦੇ ਹਨ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਜੇ ਪਿਆਜ ਕੱਟੀਏ ਤਾਂ ਵੀ ਅੱਖਾਂ ਵਿੱਚੋਂ ਪਾਣੀ ਨਿੱਕਲ ਆਉਂਦਾ ਹੈ। ਜੇ ਪਿਆਜ ਹੀ ਰੋਏ ਬਿਨਾਂ ਨਹੀਂ ਕੱਟਿਆ ਜਾ ਸਕਦਾ ਤਾਂ ਜਿੰਦਗੀ ਕਿਵੇਂ ਕੱਟੀ ਜਾ ਸਕਦੀ ਹੈ।
ਜਦੋਂ ਤੱਕ ਮਨੁੱਖ ਰੌਣਕਾਂ ਵਿੱਚ ਫਸਿਆ ਹੁੰਦਾ ਹੈ ਤਾਂ ਸਮਾਂ ਬਤੀਤ ਹੁੰਦੇ ਦਾ ਪਤਾ ਹੀ ਨਹੀਂ ਲਗਦਾ। ਪਤਾ ਉਦੋਂ ਲਗਦਾ ਹੈ ਜਦ ਉਹ ਇਕੱਲਾ ਰਹਿ ਜਾਵੇ ਤੇ ਇੱਕ ਇੱਕ ਪਲ ਸਦੀ ਬਣ ਕੇ ਗੁਜਰਦਾ ਹੈ।

RELATED ARTICLES
POPULAR POSTS