ਬਰੈਂਪਟਨ : ਇਕ ਮਈ ਦਾ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ ਬੜੇ ਸਤਿਕਾਰ ਤੇ ਸੰਜੀਦਗੀ ਨਾਲ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਡਜ ਵਲੋ 79 ਬਰੇਮਸਟੀਲ ਰੋਡ ਬਰੈਂਪਟਨ ਵਿਖੇ ਗੁਰਦੁਆਰਾ ਸਿੱਖ ਲਹਿਰ ਦੇ ਸਹਿਯੋਗ ਨਾਲ ਮਨਾਇਆ ਗਿਆ । ਵਰਕਰਜ ਯੂਨਾਈਟਡ ਕੈਨੇਡਾ ਕੌਸਿਲ ਦੇ ਡਾਇਰੈਕਟਰ ਬੈਰੀ ਫੌਲੀ ਨੇ ਸ਼ਿਕਾਗੋ ਵਿਖੇ 1886 ਦੇ ਸਾਲ ਵਿਚ ਮਹਾਨ ਮਜਦੂਰ ਯੋਧਿਆਂ ਵਲੋ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਭਾਵ ਭਿੰਨੀ ਸ਼ਰਧਾਂਜਲੀ ਪੇਸ਼ ਕੀਤੀ । ਅੱਠ ਘੰਟੇ ਕੰਮ ਕਰਨ ਦੀ ਮੰਗ ਕਰਦਿਆਂ ਦਿੱਤੀਆਂ ਸ਼ਹਾਦਤਾਂ ਤੇ ਕੈਦਾਂ ਦੇ ਤਸੀਹਿਆਂ ਦਾ ਵਰਣਨ ਗੰਭੀਰਤਾ ਨਾਲ ਕੀਤਾ। ਸੂਰਬੀਰ ਸਹੀਦ ਸਪਾਈਸ ਤੇ ਅਲਬਰਟ ਪਾਰਸਨਜ ਵਲੋ ਸਰਮਾਏਦਾਰੀ ਪ੍ਰਬੰਧ ਤੋ ਮੁਕਤੀ ਲਈ ਬੋਲੇ ਵਿਸ਼ੇਸ਼ ਬੋਲਾਂ ਦਾ ਜ਼ਿਕਰ ਕੀਤਾ । ਸਿੱਖ ਲਹਿਰ ਗੁਰੂ ਘਰ ਵਲੋਂ ਪ੍ਰਧਾਨ ਜਗਦੀਸ਼ ਸਿੰਘ ਮਾਂਗਟ ਨੇ ਹੈਲਪਿੰਗ ਹੈਡਜ ਦੇ ਸਮਾਜਿਕ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਕਿਰਤੀਆਂ ਦੀਆਂ ਸਮੱਸਿਆਵਾਂ ‘ਤੇ ਚਿੰਤਾ ਪਰਗਟ ਕੀਤੀ। ਮਜ਼ਦੂਰਾਂ ਦੀਆਂ ਮੰਗਾਂ ਮਨਾਉਣ ਲਈ ਕੀਤੇ ਜਾ ਰਹੀ ਜਦੋ ਜਹਿਦ ਦੇ ਵੇਰਵੇ ਬੀਬੀ ਗੋਗੀ ਭੰਡਾਲ, ਖੇਤਰੀ ਪ੍ਰਤੀਨਿਧ, ਕੈਨੇਡੀਅਨ ਲੇਬਰ ਕੌਂਸਲ ਵਲੋ ਬਹੁਤ ਪ੍ਰਭਾਵੀ ਢੰਗ ਨਾਲ ਪੇਸ਼ ਕੀਤੇ ਗਏ । ਪੰਦਰਾਂ ਡਾਲਰ ਇਕ ਘੰਟੇ ਲਈ ਮਜ਼ਦੂਰੀ ਦਾ ਹੱਕ ਲੈਣ ਲਈ ਸਭ ਦੇ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿਤਾ। ਸੇਅਰਡ ਇਕੋਨੋਮੀ ਬਾਰੇ ਡਾ: ਬਲਜਿੰਦਰ ਸੇਖੋ ਨੇ ਬੜੇ ਸਰਲ ਸ਼ਬਦਾਂ ਵਿਚ ਵੇਰਵੇ ਸਾਹਿਤ ਚਾਨਣਾ ਪਾਇਆ । ਅੱਠ ਘੰਟੇ ਦੀ ਥਾਂ 12-14 ਘੰਟੇ ਕੰਮ ਕਰ ਕੇ ਕਮਾਈ ਕਰਨਾ ਸਿਹਤ ਨਾਲ ਸਰਾਸਰ ਧੱਕਾ ਦੱਸਿਆ । ਕੈਨੇਡਾ ਵਿਚ ਬਾਲਾਂ ਦੇ ਪਾਲਣ ਪੋਸ਼ਣ ਦੀ ਗੁਰਬਤ ਬਾਰੇ ਗੁਰਬੀਰ ਜੌਲੀ ਨੇ ਤੱਥ ਭਰਪੂਰ ਅੰਕੜੇ ਪੇਸ਼ ਕਰਕੇ ਹੈਰਾਨੀ ਪੈਦਾ ਕਰ ਦਿਤੀ । ਹੈਲਪਿੰਗ ਹੈਡਜ ਵਲੋ ਚਲਾਈ ਜਾ ਰਹੀ ਕੰਪਿਊਟਰ ਕਲਾਸ ਦੇ ਸਿਖਿਆਰਥੀ ਹਰਿੰਦਰ ਸਿੰਘ ਮੱਲੀ ਨੇ ਪੁਰਾਤਨ ਪੰਜਾਬ ਦੇ ਮਹਾਨ ਜਰਨੈਲ ਬੰਦਾ ਬਹਾਦਰ ਵਲੋ ਆਪਨੇ ਥੋੜੇ ਸਮੇਂ ਦੇ ਸਿੱਖ ਰਾਜ ਵਿਚ ਖੇਤ ਵਾਹੀਕਾਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਲਿਖ ਕੇ ਦੇਣਾ ਕਿਰਤੀਆਂ ਦੇ ਹੱਕਾਂ ਦੀ ਮਹੱਤਵਪੂਰਨ ਸਵੀਕ੍ਰਿਤੀ ਕਿਹਾ, ਜਿਸਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ । ਸਾਧਾਰਨ ਕਿਰਤੀ ਮਜਦੂਰਾਂ ਲਈ 1898 ਈਸਵੀ ਵਿਚ ਕੇਰਲਾ ਦੇ ਲੋਕਲ ਰਾਹ ਦਸੇਰੇ ‘ਆਇਅਨਕਲੀ’ ਵਲੋਂ ਬੈਲ ਗੱਡੀ ਰਾਹੀ ਸੜਕ ਤੇ ਸਫਰ ਕਰਨ ਦਾ ਮਾਨਵੀ ਅਧਿਕਾਰ, ਘੋਰ ਬੁਰੇ ਹਾਲਾਤਾਂ ਵਿਚ, ਵੱਡੇ ਘਰਾਣਿਆਂ ਤੋਂ ਲੈ ਕੇ ਦੇਣ ਦੀ ਲੋਕ ਜਿੱਤ ਬਾਰੇ ਵੀ ਜਾਣਕਾਰੀ ਦਿੱਤੀ । ਗੁਰਦੇਵ ਸਿੰਘ ਤੇ ਇਕਬਾਲ ਸੁਮਬਲ ਡਾਇਰੈਕਟਰ ਹੈਲਪਿੰਗ ਹੈਡਜ ਨੇ ਕਾਮਿਆਂ ਦੀਆਂ ਮੁਸੀਬਤਾਂ ਬਾਰੇ ਦੱਸਿਆ ਤੇ ਕਿਹਾ ਕਿ ਸਾਲ ਵਿਚ ਕਈ ਵਾਰ ਮਜ਼ਦੂਰ ਦਿਵਸ ਮਨਾ ਕੇ ਵਰਗ ਚੇਤੰਨਤਾ ਪੈਦਾ ਕਰਨ ਦੇ ਯਤਨ ਕਰਨ ਦੀ ਲੋੜ ਹੈ । ਅੰਤ ਵਿਚ ਇਸੇ ਸੰਸਥਾ ਦੀ ਪ੍ਰਬੰਧਕ ਹਰਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਸੈਰੀਡਨ ਕਾਲਜ ਤੋ ਕੰਪਿਊਟਰ ਕਲਾਸਾਂ ਪੜ੍ਹਾਉਣ ਵਾਲੀਆਂ ਵਲੰਟੀਅਰ ਵਿਦਿਆਰਥਣਾਂ ਦਾ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ । ਇਹਨਾਂ ਸਟੂਡੈਂਟਾਂ ਵਲੋ ਅਮਨਪਰੀਤ ਕੌਰ ਨੇ ਅੰਤਰਰਾਸ਼ਟਰੀ ਵਿਦਿਆਰਥਿਆਂ ਨੂੰ ਮਈ ਦਿਹਾੜੇ ਤੋਂ ਕਿਰਤੀ ਲਹਿਰ ਬਾਰੇ ਮਿਲਦੀ ਜਾਣਕਾਰੀ ਤੇ ਜਾਗਰੂਕਤਾ ਦੇ ਸੁਨੇਹੇ ਬਾਰੇ ਆਪਣੇ ਪ੍ਰਭਾਵਾਂ ਦਾ ਬਿਆਨ ਬੜੇ ਹੀ ਢੁਕਵੇ ਸ਼ਬਦਾਂ ਵਿਚ ਕੀਤਾ । ਸੀਨੀਅਰਾਂ ਲਈ ਕੰਪਿਊਟਰ ਵਿੱਦਿਆ ਦਾ ਬੂਟਾ ਬੀਜਣ ਵਾਲੇ ਕਿਰਪਾਲ ਸਿੰਘ ਪੰਨੂੰ ਦੀ ਆਮਦ ਨੇ ਸਭ ਵਿਦਿਆਰਥੀਆਂ ਤੇ ਪ੍ਰਬੰਧਕਾਂ ਦਾ ਬਹੁਤ ਹੌਸਲਾ ਤੇ ਮਾਣ ਵਧਾਇਆ ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …