
ਤੀਜੇ ਦਿਨ ਵਿੱਚ ਦਾਖਲ ਹੋਇਆ ਦਿੱਲੀ ਵਿੱਚ ਇੰਡੀਆ ਬਲਾਕ ਦਾ ਵਿਰੋਧ ਪ੍ਰਦਰਸ਼ਨ,
ਸੰਸਦ ਮੈਂਬਰ ਚੁੱਪ ਬੈਠ ਕੇ ਭਾਜਪਾ ਸਰਕਾਰ ਲਈ ‘ਸਿਆਣਪ’ ਲਈ ਪ੍ਰਾਰਥਨਾ ਕਰਨਗੇ-ਖੜਗੇ
ਅਮਰਜੀਤ ਸਿੰਘ
ਦਿੱਲੀ/ਚੰਡੀਗੜ੍ਹ 08 ਅਕਤੂਬਰ, 2026
ਕਦੇ ਪੈਦਲ ਮਾਰਚ, ਕਦੇ ਬੈਰੀਕੇਡ ਨੂੰ ਹਟਾਉਣਾ, ਕਦੇ ਨਾਕਾਬੰਦੀ ਨਾਲ ਉਲਝਣਾ, ਕਦੇ ਹਿਰਾਸਤ ਵਿੱਚ ਲਿਆ ਜਾਣਾ, ਇਨ੍ਹਾਂ ਸਾਰੀਆਂ ਬੰਦਿਸ਼ਾਂ ਨੂੰ ਦਰਕਿਨਾਰ ਕਰਦੇ ਹੋਏ ਇੰਡੀਆ ਬਲਾਕ ਦੇ ਮੈਂਬਰ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਹੋਰ ਪ੍ਰਦਰਸ਼ਨ ਕਰਦੇ ਹੋਏ ਵੇਖੇ ਗਏ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਆਯੋਜਿਤ ਲਗਾਤਾਰ ਦੂਜੀ ਦੁਪਹਿਰ ਦੀ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਸਮਰਥਕਾਂ ਸਮੇਤ ਰਾਜਘਾਟ ਪਹੁੰਚੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਅੱਜ ਕਨਾਟ ਪਲੇਸ ਵਿੱਚ ਦੁਪਹਿਰ ਦੇ ਖਾਣੇ ਤੇ ਮੀਟਿੰਗ ਲਈ ਪਹੁੰਚੇ। ਇਹ ਮੀਟਿੰਗ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਬਾਰੇ ਆਯੋਜਿਤ ਕੀਤੀ ਗਈ ਸੀ। ਇਨ੍ਹਾਂ ਤੋਂ ਅਲਾਵਾ ਆਰਜੇਡੀ ਨੇਤਾ ਸੁਧਰ ਸਿੰਘ, ਸਮਾਜਵਾਦੀ ਪਾਰਟੀ ਨੇਤਾ ਰਾਜੀਵ ਰਾਏ, ਟੀਐਮਸੀ ਸੰਸਦ ਮੈਂਬਰ ਅਤੇ ਇੰਡੀਆ ਬਲਾਕ ਪਾਰਟੀਆਂ ਦੇ ਹੋਰ ਨੁਮਾਇੰਦੇ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਗਿਆਨੇਸ਼ ਕੁਮਾਰ ਵਿਰੁੱਧ ਵਿਰੋਧੀ ਧਿਰ ਦੀ ਮੁਹਿੰਮ ਤੀਜੇ ਦਿਨ ਵਿੱਚ ਦਾਖਲ ਹੋ ਗਈ, ਪਾਰਟੀਆਂ ਨੇ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ ਵਿੱਚ ਕਥਿਤ ਬੇਨਿਯਮੀਆਂ ਅਤੇ “ਵੋਟ ਚੋਰੀ” ਦੇ ਉਨ੍ਹਾਂ ਦੇ ਵਿਆਪਕ ਦੋਸ਼ਾਂ ਨੂੰ ਲੈ ਕੇ ਗਿਆਨੇਸ਼ ਦੇ ਅਸਤੀਫ਼ੇ ਦੀ ਮੰਗ ਅੱਜ ਵੀ ਜਾਰੀ ਰੱਖੀ। ਦੁਪਹਿਰ ਦੇ ਖਾਣੇ ਤੇ ਮੀਟਿੰਗ ਦੌਰਾਨ ਇੰਡੀਆ ਬਲਾਕ ਦੇ ਆਗੂਆਂ ਦੇ ਆਗੂਆਂ ਨੇ ਕਿਹਾ ਕਿ ਉਹ ਚੁੱਪ ਨਹੀਂ ਬੈਠ ਸਕਦੇ।
ਖੜਗੇ, ਜੋ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਸਨ ਨੇ ਚੱਲਣ ਤੋਂ ਪਹਿਲਾਂ ਕਿਹਾ ਕਿ ਸੰਸਦ ਮੈਂਬਰ ਰਾਜਘਟ ‘ਤੇ ਇਕੱਠੇ ਹੋਣਗੇ ਅਤੇ ਭਾਜਪਾ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ “ਸਿਆਣਪ” ਦੀ ਪ੍ਰਾਰਥਨਾ ਕਰਦੇ ਹੋਏ ਚੁੱਪ ਬੈਠਣਗੇ। ਖੜਗੇ ਨੇ ਇਸ ਮੌਕੇ ਇਹ ਵੀ ਕਿਹਾ ਕਿ ਵਿਰੋਧੀ ਧਿਰ “ਵੋਟ ਚੋਰੀ”, ਵਧਦੀ ਮਹਿੰਗਾਈ ਅਤੇ ਦੇਸ਼ ਦੇ ਨੌਜਵਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਜਾਗਰ ਕਰਨਾ ਚਾਹੁੰਦੀ ਹੈ।
ਬੱਸਾਂ ਰਵਾਨਾ ਹੋਣ ਤੋਂ ਪਹਿਲਾਂ ਰਾਹੁਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਧਿਰ ਨੂੰ ਦਿੱਲੀ ਵਿੱਚ ਕਿਤੇ ਵੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਬੁੱਧਵਾਰ ਨੂੰ ਹੋਈ ਝੜਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਜੰਤਰ-ਮੰਤਰ ਪਹੁੰਚਣ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ।
ਅੱਜ ਵਿਰੋਧੀ ਧਿਰ ਲਈ ਇੱਕ ਅਹਿਮ ਘਟਨਾਕ੍ਰਮ ਵੀ ਸਾਹਮਣੇ ਆਇਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ਼ੁੱਕਰਵਾਰ ਨੂੰ ‘ਇੰਡੀਆ’ ਗਠਜੋੜ” ਦੇ 10 ਮੈਂਬਰੀ ਵਫ਼ਦ ਨਾਲ ਮੁਲਾਕਾਤ ਕਰਨ ਲਈ ਰਾਜ਼ੀ ਹੋ ਗਏ ਹਨ, ਉਂਝ ਗਠਜੋੜ ਨੇ 15 ਆਗੂਆਂ ਲਈ ਮੁਲਾਕਾਤ ਦਾ ਸਮਾਂ ਮੰਗਿਆ ਸੀ।
ਰਾਸ਼ਟਰਪਤੀ ਭਵਨ ਨੇ ਵਿਰੋਧੀ ਧਿਰ ਨੂੰ ਵਫ਼ਦ ਦਾ ਆਕਾਰ ਘਟਾਉਣ ਲਈ ਕਿਹਾ ਹੈ। ਰਾਸ਼ਟਰਪਤੀ ਨੂੰ ਮਿਲਣ ਵਾਲੇ ਆਗੂਆਂ ਵਿੱਚ ਖੜਗੇ, ਰਾਹੁਲ ਗਾਂਧੀ, ਅਖਿਲੇਸ਼ ਯਾਦਵ ਅਤੇ ਮਮਤਾ ਬੈਨਰਜੀ ਆਦਿ ਸ਼ਾਮਲ ਹਨ।
ਵੀਰਵਾਰ ਦੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ, ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਦੱਸਿਆ ਕਿ ਗਠਜੋੜ ਨੇ ਸਭ ਤੋਂ ਪਹਿਲਾਂ 2 ਅਕਤੂਬਰ ਨੂੰ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਮੁਲਾਕਾਤ ਦੀ ਮੰਗ ਕੀਤੀ ਸੀ ਜੋ ਹੁਣ ਮਿਲੀ ਹੈ।

