
ਸੁਰੂਚੀ ਅਤੇ ਕਮਲਜੀਤ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਜਿੱਤਿਆ ਸੋਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਜਪਾਨ ਵਿਚ ਚੱਲ ਰਹੀਆਂ ਏਸ਼ੀਅਨ ਖੇਡਾਂ-2026 ਵਿਚ ਭਾਰਤ ਨੇ ਦੂਜਾ ਗੋਲਡ ਮੈਡਲ ਜਿੱਤ ਲਿਆ ਹੈ। ਨਾਗੋਆ ਵਿਚ ਅੱਜ ਸ਼ੁੱਕਰਵਾਰ ਨੂੰ ਸੁਰੂਚੀ ਅਤੇ ਕਮਲਜੀਤ ਦੀ ਜੋੜੀ ਨੇ 10 ਮੀਟਰ ਪਿਸਟਲ ਸ਼ੂਟਿੰਗ ਦੇ ਮਿਕਸਡ ਈਵੈਂਟ ਵਿਚ 484.6 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕਰ ਲਿਆ। ਏਅਰ ਪਿਸਟਲ ਮੁਕਾਬਲੇ ਵਿਚ ਇਨ੍ਹਾਂ ਏਸ਼ੀਅਨ ਖੇਡਾਂ ਦਾ ਇਹ ਪਹਿਲਾ ਗੋਲਡ ਮੈਡਲ ਹੈ। ਜ਼ਿਕਰਯੋਗ ਹੈ ਕਿ ਭਾਰਤੀ ਨਿਸ਼ਾਨੇਬਾਜ਼ ਹੁਣ ਤੱਕ 10 ਮੈਡਲ ਭਾਰਤ ਦੀ ਝੋਲੀ ਪਾ ਚੁੱਕੇ ਹਨ। ਇਨ੍ਹਾਂ ਵਿਚ 5 ਚਾਂਦੀ ਅਤੇ 4 ਕਾਂਸੇ ਦੇ ਤਮਗੇ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇਨ੍ਹਾਂ ਖੇਡਾਂ ਵਿਚ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਇਹ ਵੀ ਦੱਸਣਯੋਗ ਹੈ ਕਿ ਭਾਰਤ ਇਨ੍ਹਾਂ ਏਸ਼ੀਆਈ ਖੇਡਾਂ ਵਿਚ ਹੁਣ ਤੱਕ 2 ਸੋਨੇ ਦੇ, 8 ਚਾਂਦੀ ਦੇ ਅਤੇ 9 ਕਾਂਸੇ ਦੇ ਤਮਗੇ ਜਿੱਤ ਚੁੱਕਾ ਹੈ। ਇਨ੍ਹਾਂ ਖੇਡਾਂ ਵਿਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਸਤਨਾਮ ਸਿੰਘ ਨੇ ਵੀ ਜਪਾਨ ਦੇ ਨਾਗੋਆ ਵਿਚ ਹੋ ਰਹੀਆਂ ਏਸ਼ੀਅਨ ਖੇਡਾਂ ਵਿਚ ਡਬਲ ਸਕੱਲਜ਼ ਮੁਕਾਬਲੇ ’ਚ ਕਾਂਸੀ ਦਾ ਤਮਗਾ ਜਿੱਤਿਆ ਹੈ।

