
ਜ਼ੋਹਰਾਨ ਮਮਦਾਨੀ ਨੇ ਕਿਹਾ : ਅਸੀਂ ਭਾਗਵਤ ਦੇ ਸਮਾਗਮ ਦਾ ਸਮਰਥਨ ਨਹੀਂ ਕਰਦੇ
ਨਿਊਯਾਰਕ/ਬਿਊਰੋ ਨਿਊਜ਼
ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਅਮਰੀਕਾ ਦੇ ਨਿਊਯਾਰਕ ’ਚ ਹੋਣ ਵਾਲੇ ਸਮਾਗਮ ਨੂੰ ਲੈ ਕੇ ਵਿਰੋਧੀ ਸੁਰ ਉਠ ਰਹੇ ਹਨ। ਇਸ ਨੂੰ ਲੈ ਕੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਉਹ ਮੈਡੀਸਨ ਸਕੁਏਅਰ ਗਾਰਡਨ ਵਿਚ ਹੋਣ ਵਾਲੇ ਉਸ ਸਮਾਗਮ ਦਾ ਸਮਰਥਨ ਨਹੀਂ ਕਰਦੇ, ਜਿੱਥੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਭਾਰਤੀ ਪਰਵਾਸੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਰਤਾਂ ਅਨੁਸਾਰ ਸ਼ਹਿਰ ਕੋਲ 29 ਅਗਸਤ ਨੂੰ ਤੈਅ ਕੀਤੇ ਗਏ ਇਸ ਸਮਾਗਮ ਨੂੰ ਰੱਦ ਕਰਨ ਦਾ ਅਧਿਕਾਰ ਖੇਤਰ ਨਹੀਂ ਹੋ ਸਕਦਾ ਹੈ। ਮੋਹਨ ਭਾਗਵਤ ਆਰ.ਐਸ.ਐਸ. ਦੇ ਸ਼ਤਾਬਦੀ ਸਾਲ ਦੇ ਗਲੋਬਲ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ ਅਮਰੀਕਾ, ਕੈਨੇਡਾ ਅਤੇ ਯੂ.ਕੇ. ਦਾ ਦੌਰਾ ਕਰ ਰਹੇ ਹਨ। ਨਿਊਯਾਰਕ ਵਿਚ ਆਪਣੇ ਠਹਿਰਾਅ ਦੌਰਾਨ ਉਹ ਯੂਨੀਵਰਸਲ ਓਨਨੇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ ਅਤੇ ਸ਼ਨੀਵਾਰ ਨੂੰ ਮਸ਼ਹੂਰ ਮੈਡੀਸਨ ਸਕੁਏਅਰ ਗਾਰਡਨ ਵਿਖੇ ਇਕੱਠ ਨੂੰ ਸੰਬੋਧਨ ਕਰਨਗੇ।

