
ਸੰਧਵਾਂ/ਕੋਟਕਪੂਰਾ
20 ਅਗਸਤ, 2026
ਆਮ ਤੌਰ ਤੇ ਅਜਿਹਾ ਘੱਟ ਹੀ ਵੇਖਣ ਨੂੰ ਮਿਲਦਾ ਹੈ ਕਿ ਬਰਾਤ ਆਈ ਹੋਵੇ ਤੇ ਅਚਾਨਕ ਪੁਲਿਸ ਆਕੇ ਵਿਆਹ ਵਾਲੀ ਕੁੜੀ ਦੇ ਪਿਓ ਗਰੀਬ ਸਿੰਘ ਉਰਫ਼ ਰਾਜੂ ਨੂੰ ਜਬਰੀ ਚੁੱਕ ਕੇ ਗੱਡੀ ਵਿੱਚ ਸੁੱਟ ਲਵੇ, ਸੰਧਵਾਂ ਕਸਬੇ ਵਿੱਚ ਅਜਿਹਾ ਹੀ ਹੋਇਆ ਜਿਸਤੋਂ ਬਾਅਦ ਜਿੰਨੇ ਮੂੰਹ ਉੰਨੀਆਂ ਗੱਲਾਂ। ਇਹ ਘਟਨਾ ਇਸ ਲਈ ਖ਼ਾਸ ਹੋ ਗਈ ਹੈ ਕਿਉਂਕਿ ਸੰਧਵਾਂ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਪਿੰਡ ਹੈ। ਘਟਨਾ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਕੀ ਇਸ ਸ਼ਖਸ ਨੂੰ ਹਿਰਾਸਤ ਵਿੱਚ ਲੈਣ ਲਈ ਅੱਜ ਦਾ ਦਿਨ ਤੇ ਸਮਾਂ ਜਾਣਬੁੱਝ ਕੇ ਚੁਣਿਆ ਗਿਆ ਸੀ ?
ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਵਿੱਚ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ, ਮਾਹੌਲ ਕਾਫੀ ਸੁਖਾਵਾਂ ਸੀ ਪਰ ਅਚਾਨਕ ਉੱਥੇ ਹਫੜਾ-ਦਫੜੀ ਮਚ ਗਈ। ਹੋਇਆ ਇਹ ਕਿ ਸਿਵਲ ਕੱਪੜਿਆਂ ਵਿੱਚ ਪੰਜਾਬ ਪੁਲਿਸ ਨੇ ਕੁੜੀ ਦੇ ਪਿਤਾ ਨੂੰ ਆਨੰਦ ਕਾਰਜ ਦੀਆਂ ਰਸਮਾਂ ਦੇ ਵਿਚਕਾਰੋਂ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ। ਇਸਤੋਂ ਬਾਅਦ ਪੁਲਿਸ ਦੀ ਪਰਿਵਾਰਕ ਮੈਂਬਰਾਂ ਨਾਲ ਝੜਪ ਹੋ ਗਈ।
ਪਰਿਵਾਰ ਦੇ ਮੈਂਬਰ ਦੱਸਦੇ ਹਨ ਕਿ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਦੀ ਪੁਲਿਸ ਅਚਾਨਕ ਉੱਥੇ ਆਈ, ਉਹਨਾਂ ਕੋਲ ਉੱਤਰ ਪ੍ਰਦੇਸ਼ ਵਿੱਚ ਰਜਿਸਟਰਡ ਇੱਕ ਗੱਡੀ ਸੀ, ਉਹਨਾਂ ਨੇ ਆਰੋਪ ਲਾਇਆ ਕਿ ਕੁੜੀ ਦਾ ਪਿਓ ਖੇਤਾਂ ਤੋਂ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਕਰਨ ਦੇ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ, ਇਸੇ ਦੋਸ਼ ਵਿੱਚ ਪੁਲਿਸ ਕਰਮਚਾਰੀ ਉਸਨੂੰ ਚੁੱਕ ਕੇ ਲੈ ਗਏ।
ਜਦੋਂ ਪੁਲਿਸ ਆਰੋਪੀ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਿਸ ਅਤੇ ਉੱਥੇ ਹਾਜ਼ਰ ਲੋਕਾਂ ਵਿੱਚਕਾਰ ਤਿੱਖਾ ਟਕਰਾਅ ਹੋਇਆ, ਰਿਸ਼ਤੇਦਾਰਾਂ ਨੇ ਪੁਲਿਸ ਕਾਰਵਾਈ ਦਾ ਭਾਰੀ ਵਿਰੋਧ ਕੀਤਾ। ਇੱਕ ਵਿਅਕਤੀ ਤਾਂ ਪੁਲਿਸ ਗੱਡੀ ਦੇ ਸਾਹਮਣੇ ਲੇਟ ਗਿਆ ਜਿਸਨੂੰ ਪੁਲਿਸ ਨੇ ਖਿੱਚ ਕੇ ਮੁਸ਼ਕਿਲ ਨਾਲ ਇੱਕ ਪਾਸੇ ਕੀਤਾ। ਬੁੱਧਵਾਰ ਸ਼ਾਮ ਨੂੰ ਹੋਈ ਝੜਪ ਦੌਰਾਨ, ਇੱਕ ਪੁਲਿਸ ਮੁਲਾਜ਼ਮ ਨੂੰ ਪਿਸਤੌਲ ਲਹਿਰਾਉਂਦੇ ਦੇਖਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸਨੂੰ ਫੜ ਲਿਆ। ਫੇਰ ਉਸਨੂੰ ਕਿਹਾ ਗਿਆ ਕਿ ਪਹਿਲਾਂ ਉਹ ਦੋਸ਼ੀ ਗਰੀਬ ਸਿੰਘ ਉਰਫ਼ ਰਾਜੂ ਨੂੰ ਰਿਹਾਅ ਕਰਨ ਤਾਂ ਉਹ ਉਸਨੂੰ ਛੱਡਣਗੇ।
ਓਧਰ ਕੁੜੀ (ਵਿਆਹੁਤਾ) ਦੇ ਭਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਅਜਿਹੀਆਂ ਗਤੀਵਿਧੀਆਂ ਲੰਮੇ ਸਮੇਂ ਤੋਂ ਛੱਡ ਚੁਕੇ ਹਨ, ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਉਸਨੂੰ ਝੂਠੇ ਤੌਰ ‘ਤੇ ਫਸਾ ਰਹੀ ਹੈ, ਹਾਲਾਂਕਿ ਉਸਦਾ ਨਾਮ ਪਹਿਲਾਂ ਕਦੇ ਇੱਕ ਚੋਰੀ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਕੁਲ ਮਿਲਾ ਕੇ ਇੰਝ ਲੱਗਦਾ ਹੈ ਕੁੜੀ ਦਾ ਪਿਓ ਪਹਿਲਾਂ ਚੋਰੀ ਕਰਦਾ ਰਿਹਾ ਹੈ ਤੇ ਪੁਲਿਸ ਨੇ ਹੁਣ ਉਸਨੂੰ ਸ਼ੱਕ ਦੇ ਅਧਾਰ ਤੇ ਹਿਰਾਸਤ ਵਿੱਚ ਲਿਆ ਹੈ।
ਦੂਜੇ ਪਾਸੇ ਗਿੱਦੜਬਾਹਾ ਦੇ ਐਸਐਚਓ ਪਰਵਿੰਦਰ ਸਿੰਘ ਮੰਨਦੇ ਹਨ ਕਿ ਇਲਾਕੇ ਦੇ ਕਿਸਾਨਾਂ ਦੇ ਖੇਤਾਂ ਵਿੱਚੋਂ ਲਗਭਗ 150 ਬਿਜਲੀ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਹੋਏ ਹਨ ਤੇ ਇਸੇ ਸੰਬੰਧ ਵਿੱਚ ਗਰੀਬ ਸਿੰਘ ਉਰਫ਼ ਰਾਜੂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਹ ਚੋਰੀਆਂ ਕਥਿਤ ਤੌਰ ‘ਤੇ ਇੱਕ ਗਿਰੋਹ ਦੁਆਰਾ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਪੰਜ ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਮੁਤਾਬਿਕ ਦੋਸ਼ੀ ਇੱਕ ਬਦਨਾਮ ਚੋਰ ਹੈ ਜੋ ਖੇਤਾਂ ਵਿੱਚੋਂ ਵੱਡੀ ਗਿਣਤੀ ਵਿੱਚ ਮੋਟਰਾਂ ਚੋਰੀ ਕਰਦਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਹਿਲਾਂ ਵੀ ਕਈ ਵਾਰ ਗ੍ਰਿਫਤਾਰੀ ਤੋਂ ਬਚ ਚੁਕਾ ਹੈ।
ਐਸਐਚਓ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਸੰਧਵਾਂ ਪਿੰਡ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਫਿਰ ਸਾਦੇ ਕੱਪੜਿਆਂ ਅਤੇ ਵਰਦੀ ਵਿੱਚ ਟੀਮਾਂ ਉਸਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਪਹੁੰਚੀਆਂ ਪਰ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ ਕੁਝ ਪੁਲਿਸ ਵਾਲੇ ਜ਼ਖਮੀ ਹੋ ਗਏ। ਘਟਨਾ ਦੇ ਸਬੰਧ ਵਿੱਚ ਸਦਰ ਕੋਟਕਪੂਰਾ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗਰੀਬ ਦੱਸ ਕੁੜੀ ਦਾ ਸਗਾ ਨਹੀਂ ਸਗੋਂ ਮਤਰੇਆ ਪਿਓ ਹੈ।

