ਪੰਜਾਬ ਦੀ ‘ਆਪ’ ਸਰਕਾਰ ਨੂੰ ਵੱਡਾ ਝਟਕਾ
ਸੰਗਰੂਰ/ਬਿੳੂਰੋ ਨਿੳੂਜ਼
ਪੰਜਾਬ ’ਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਉਸਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਾਸੋਂ 5822 ਵੋਟਾਂ ਨਾਲ ਹਾਰ ਗਿਆ। ਸਿਮਰਨਜੀਤ ਸਿੰਘ ਮਾਨ ਨੂੰ 2 ਲੱਖ 53 ਹਜ਼ਾਰ 154, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 2 ਲੱਖ 47 ਹਜ਼ਾਰ 332, ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਨੂੰ 79 ਹਜ਼ਾਰ 668, ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 46 ਹਜ਼ਾਰ 298 ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਨੂੰ 44 ਹਜ਼ਾਰ 428 ਵੋਟਾਂ ਮਿਲੀਆਂ। ਪਹਿਲੇ ਦੋ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਹ ਹਾਰ ਮੁੱਖ ਮੰਤਰੀ ਲਈ ਨਿੱਜੀ ਤੌਰ ’ਤੇ ਨਮੋਸ਼ੀ ਦੀ ਹਾਲਤ ਹੈ ਕਿਉਂਕਿ ਸੰਗਰੂਰ ਉਨ੍ਹਾਂ ਦਾ ਜੱਦੀ ਹਲਕਾ ਵੀ ਹੈ। ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਵੇਲੇ ਇਹ ਦੋਵੇਂ ਉਮੀਦਵਾਰਾਂ ਵਿੱਚ ਫਸਵੀਂ ਟੱਕਰ ਨਜ਼ਰ ਆ ਰਹੀ ਸੀ। ਸ਼ੁਰੂ ਵਿੱਚ ਆਪ ਉਮੀਦਵਾਰ ਨੇ ਲੀਡ ਲਈ ਪਰ ਬਾਅਦ ਵਿੱਚ ਸਿਮਰਨਜੀਤ ਸਿੰਘ ਮਾਨ ਅੱਗੇ ਨਿਕਲ ਗਏ। ਭਾਵੇਂ ਉਨ੍ਹਾਂ ਦੀ ਲੀਡ ਦਾ ਅੰਤਰ ਕਾਫੀ ਘੱਟ ਸੀ ਪਰ ਆਪ ਉਮੀਦਵਾਰ ਉਸ ਨੂੰ ਤੋੜ ਨਾ ਸਕਿਆ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਹਲਕੇ ’ਚ ਆਪਣੀ ਹਾਰ ਮੰਨਦਿਆਂ ਜੇਤੂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ।