
ਕਿਹਾ : ਅਮਰੀਕਾ ’ਚ ਭਾਰਤ ਵਰਗਾ ਚੋਣ ਸਿਸਟਮ ਹੋਵੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ ਚੋਣ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ‘ਸੇਵਾ ਅਮਰੀਕਾ ਐਕਟ’ ਨੂੰ ਪਾਸ ਕਰਵਾਉਣ ਦੀ ਅਪੀਲ ਕੀਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ’ਤੇ ਪੋਸਟ ਵਿਚ ਲਿਖਿਆ ਕਿ, ਇਸ ਮਹੀਨੇ ਦੀ ਸ਼ੁਰੂਆਤ ਵਿਚ, ਭਾਰਤ ਦੇ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਕੋਲੋਂ ਪੁੱਛਿਆ ਸੀ ਕਿ ਅਮਰੀਕਾ ਵਿਚ ਬਿਨਾ ਜਾਇਜ਼ ਫੋਟੋ ਪਛਾਣ-ਪੱਤਰ ਦੇ ਚੋਣਾਂ ਕਿਵੇਂ ਕਰਵਾਈਆਂ ਜਾ ਸਕਦੀਆਂ ਹਨ। ਟਰੰਪ ਨੇ ਕਿਹਾ ਕਿ ਸਾਨੂੰ ਹੁਣ ‘ਸੇਵ ਅਮਰੀਕਾ ਐਕਟ’ ਪਾਸ ਕਰਨਾ ਹੋਵੇਗਾ। ਟਰੰਪ ਨੇ ਅਮਰੀਕੀ ਚੋਣ ਪ੍ਰਕਿਰਿਆ ਨੂੰ ਹੋਰ ਸਖਤ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਅਮਰੀਕੀ ਚੋਣਾਂ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਵਧੇਗੀ। ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਦੀਆ ਹਾਲੀਆਂ ਆਮ ਚੋਣਾਂ ਵਿਚ 64 ਕਰੋੜ ਤੋਂ ਜ਼ਿਆਦਾ ਵਿਅਕਤੀਆਂ ਨੇ ਵੋਟਿੰਗ ਕੀਤੀ, ਜਿਨ੍ਹਾਂ ਵਿਚ 1 ਫੀਸਦੀ ਤੋਂ ਵੀ ਘੱਟ ਵਿਅਕਤੀਆਂ ਨੇ ਡਾਕ ਰਾਹੀਂ ਵੋਟ ਪਾਈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਵੋਟਰ ਕੋਲ ਲੀਗਲ ਫੋਟੋ ਪਹਿਚਾਣ ਪੱਤਰ ਹੈ।

