
ਪੁਲਿਸ ਨੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੂੰ ਤੱਥਾਂ ਦੀ ਪੜਤਾਲ ਕਰਨ ਦੀ ਦਿੱਤੀ ਸਲਾਹ
ਚੰਡੀਗੜ੍ਹ/ਬਿਊਰੋ ਨਿਊਜ਼
ਕ੍ਰਿਕਟ ਤੋਂ ਸਿਆਸਤ ਵਿਚ ਆਏ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਨਸ਼ੇ ਦੀ ਹਾਲਤ ਵਿਚ ਧੁੱਤ ਦੋ ਨੌਜਵਾਨਾਂ ਦੀ ਵੀਡੀਓ ਸਾਂਝੀ ਕਰਕੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ’ਤੇ ਪੰਜਾਬ ਪੁਲਿਸ ਨੇ ਵੱਡਾ ਪਲਟਵਾਰ ਕੀਤਾ ਹੈ। ਪੰਜਾਬ ਪੁਲਿਸ ਨੇ ਹਰਭਜਨ ਸਿੰਘ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਰਭਜਨ ਸਿੰਘ ਵਲੋਂ ਪੋਸਟ ਕੀਤੀ ਵੀਡੀਓ ਦੀ ਜਦੋਂ ਪੰਜਾਬ ਪੁਲਿਸ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਵੀਡੀਓ ਪੰਜਾਬ ਦੀ ਨਹੀਂ, ਸਗੋਂ ਗੁਆਂਢੀ ਸੂਬੇ ਰਾਜਸਥਾਨ ਦੀ ਹੈ। ਇਸਦੇ ਚੱਲਦਿਆਂ ਪੁਲਿਸ ਨੇ ਕਿਹਾ ਕਿ ਵੀਡੀਓ ਉਪਰ ਪੰਜਾਬੀ ਆਡੀਓ ਟਰੈਕ ਲਗਾ ਦੇਣ ਨਾਲ ਕੋਈ ਘਟਨਾ ਪੰਜਾਬ ਦੀ ਨਹੀਂ ਬਣ ਜਾਂਦੀ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁੰਮਰਾਹਕੁੰਨ ਸਮੱਗਰੀ ਪੋਸਟ ਕਰਨ ਜਾਂ ਪੰਜਾਬ ਪੁਲਿਸ ਨੂੰ ਟੈਗ ਕਰਨ ਤੋਂ ਪਹਿਲਾਂ ਸਥਾਨ ਅਤੇ ਤੱਥਾਂ ਦੀ ਪੜਤਾਲ ਜ਼ਰੂਰ ਕਰਨ। ਜ਼ਿਕਰਯੋਗ ਹੈ ਕਿ ਕ੍ਰਿਕਟਰ ਹਰਭਜਨ ਸਿੰਘ ਆਮ ਆਦਮੀ ਪਾਰਟੀ ਵਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ।

