
ਨਵੀਂ ਦਿੱਲੀ/ਬਿਊਰੋ ਨਿਊਜ਼
ਹਾਲੀਵੁੱਡ ਸਟਾਰ ਕਿਮ ਕਾਰਦਾਸ਼ੀਅਨ ਦਾ ਮਸ਼ਹੂਰ ਫੈਸ਼ਨ ਬ੍ਰਾਂਡ ‘ਸਕਿਮਜ਼’ ਹੁਣ ਭਾਰਤ ਵਿੱਚ ਵੀ ਦਸਤਕ ਦੇਣ ਜਾ ਰਿਹਾ ਹੈ। ਰਿਲਾਇੰਸ ਬਰਾਂਡਜ਼ ਲਿਮਟਿਡ ਨੇ ਸਕਿਮਜ਼ ਨਾਲ ਖਾਸ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਤਹਿਤ ਭਾਰਤ ਵਿੱਚ ਬ੍ਰਾਂਡ ਦੇ ਪਹਿਲੇ ਸਟੋਰ ਦਿੱਲੀ ਅਤੇ ਮੁੰਬਈ ਵਿੱਚ ਖੋਲ੍ਹੇ ਜਾਣਗੇ। ਭਾਰਤ ਵਿੱਚ ਸਕਿਮਜ਼ ਦੇ ਸਟੋਰਾਂ ਅਤੇ ਇਸਦੇ ਡਿਜੀਟਲ ਕਾਰੋਬਾਰ ਦਾ ਸੰਚਾਲਣ ਰਿਲਾਇੰਸ ਬਰਾਂਡਜ਼ ਵੱਲੋਂ ਕੀਤਾ ਜਾਵੇਗਾ। ਇਸ ਨਾਲ ਸਕਿਮਜ਼ ਨੂੰ ਭਾਰਤੀ ਫੈਸ਼ਨ ਬਾਜ਼ਾਰ ਵਿੱਚ ਆਪਣੀ ਪਹੁੰਚ ਵਧਾਉਣ ਦਾ ਮੌਕਾ ਮਿਲੇਗਾ। ਕਿਮ ਕਾਰਦਾਸ਼ੀਅਨ ਅਤੇ ਜੇਨਸ ਗਰੇਡ ਨੇ ਸਾਲ 2019 ਵਿੱਚ ਸਕਿਮਜ਼ ਦੀ ਸ਼ੁਰੂਆਤ ਕੀਤੀ ਸੀ। ਥੋੜ੍ਹੇ ਹੀ ਸਮੇਂ ਵਿੱਚ ਇਹ ਬ੍ਰਾਂਡ ਦੁਨੀਆ ਭਰ ਵਿੱਚ ਚਰਚਿਤ ਹੋ ਗਿਆ। ਇਸ ਬ੍ਰਾਂਡ ਦੀ ਖਾਸੀਅਤ ਇਸਦੇ ਆਰਾਮਦਾਇਕ ਡਿਜ਼ਾਈਨ, ਵੱਖ-ਵੱਖ ਸਰੀਰਕ ਆਕਾਰਾਂ ਲਈ ਉਪਲਬਧ ਉਤਪਾਦਾਂ ਅਤੇ ਆਧੁਨਿਕ ਫੈਸ਼ਨ ਨਾਲ ਜੁੜੀ ਪੇਸ਼ਕਾਰੀ ਨੂੰ ਮੰਨਿਆ ਜਾਂਦਾ ਹੈ। ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਸਕਿਮਜ਼ ਨੇ ਸ਼ੇਪ, ਆਰਾਮ ਅਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਵਾਲੇ ਫੈਸ਼ਨ ਬਾਰੇ ਦੁਨੀਆ ਦੀ ਸੋਚ ਨੂੰ ਬਦਲਿਆ ਹੈ।
ਉਨ੍ਹਾਂ ਕਿਹਾ ਕਿ ਇਹ ਬ੍ਰਾਂਡ ਭਾਰਤੀ ਗਾਹਕਾਂ ਦੀ ਨਵੀਂ ਪੀੜ੍ਹੀ ਦੀਆਂ ਉਮੀਦਾਂ ਨਾਲ ਸਿੱਧੇ ਤੌਰ ’ਤੇ ਜੁੜਦਾ ਹੈ। ਈਸ਼ਾ ਅੰਬਾਨੀ ਨੇ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਅਜਿਹਾ ਫੈਸ਼ਨ ਚਾਹੁੰਦੀ ਹੈ ਜੋ ਉਸ ਦੀਆਂ ਪਸੰਦਾਂ ਅਤੇ ਜ਼ਰੂਰਤਾਂ ਦੇ ਅਨੁਕੂਲ ਹੋਵੇ। ਉਨ੍ਹਾਂ ਭਾਰਤ ਵਿੱਚ ਸਕਿਮਜ਼ ਨੂੰ ਲਿਆਉਣ ’ਤੇ ਖੁਸ਼ੀ ਜ਼ਾਹਰ ਕੀਤੀ। ਸਕਿਮਜ਼ ਦੀ ਭਾਰਤ ਵਿੱਚ ਐਂਟਰੀ ਨਾਲ ਦੇਸ਼ ਦੇ ਪ੍ਰੀਮੀਅਮ ਫੈਸ਼ਨ ਅਤੇ ਲਾਈਫ ਸਟਾਈਲ ਬਾਜ਼ਾਰ ਵਿੱਚ ਮੁਕਾਬਲਾ ਹੋਰ ਵਧਣ ਦੀ ਉਮੀਦ ਹੈ। ਦਿੱਲੀ ਅਤੇ ਮੁੰਬਈ ਵਿੱਚ ਪਹਿਲੇ ਸਟੋਰ ਖੁੱਲ੍ਹਣ ਤੋਂ ਬਾਅਦ ਬ੍ਰਾਂਡ ਭਾਰਤੀ ਗਾਹਕਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ।

