16.9 C
Toronto
Friday, August 14, 2026
spot_img
HomeਕੈਨੇਡਾFrontਚੋਣਾਂ ਤੋਂ ਪਹਿਲਾਂ ਮੋਦੀ ਨੂੰ ਮਿਲੇ ਸੁਖਬੀਰ, ਮੰਨੋ ਭਾਵੇਂ ਨਾ, ਇਹ ਮਿਲਣੀ...

ਚੋਣਾਂ ਤੋਂ ਪਹਿਲਾਂ ਮੋਦੀ ਨੂੰ ਮਿਲੇ ਸੁਖਬੀਰ, ਮੰਨੋ ਭਾਵੇਂ ਨਾ, ਇਹ ਮਿਲਣੀ ਕੁੱਝ ਖ਼ਾਸ ਹੈ

ਚੋਣਾਂ ਤੋਂ ਪਹਿਲਾਂ ਮੋਦੀ ਨੂੰ ਮਿਲੇ ਸੁਖਬੀਰ, ਮੰਨੋ ਭਾਵੇਂ ਨਾ, ਇਹ ਮਿਲਣੀ ਕੁੱਝ ਖ਼ਾਸ ਹੈ
ਕਿਸ ਪਾਸੇ ਇਸ਼ਾਰਾ ਕਰਦੀ ਹੈ ਇਹ ਮੁਲਾਕਾਤ, ਚੁੰਝ ਚਰਚਾ ਆਰੰਭ ਹੋ ਚੁਕੀ ਹੈ
ਇਸਨੂੰ ਗ਼ੈਰ ਰਸਮੀ ਮਿਲਣੀ ਕਹਿਣਾ ਸ਼ਾਇਦ ਗ਼ਲਤ ਹੀ ਹੋਵੇਗਾ

ਅਮਰਜੀਤ ਸਿੰਘ

ਚੰਡੀਗ੍ਹੜ : ਇੱਕ ਲੰਮੇ ਸਮੇਂ ਤੋਂ ਇਸ ਮਿਲਣੀ ਦਾ ਇੰਤਜ਼ਾਰ ਹੋ ਰਿਹਾ ਸੀ, ਸੁਖਬੀਰ ਸਿੰਘ ਬਾਦਲ ਆਖਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਲੀ ਵਿਖੇ ਜਾ ਹੀ ਮਿਲੇ। ਇਸ ਮਿਲਣੀ ਦੀ ਜਾਣਕਾਰੀ ਅਧਿਕਾਰਤ ਰੂਪ ਚ ਨਾ ਤਾਂ ਪਾਰਟੀ ਦਫ਼ਤਰ ਵੱਲੋਂ ਮੀਡਿਆ ਨੂੰ ਦਿੱਤੀ ਜਾ ਰਹੀ ਹੈ ਤੇ ਨਾ ਹੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੋਈ ਪ੍ਰੈਸ ਨੋਟ ਹੀ ਜਾਰੀ ਕੀਤਾ ਗਿਆ ਹੈ। ਬਾਦਲ ਨਾਲ ਗਏ ਕੁੱਝ ਖ਼ਾਸ ਅਕਾਲੀਆਂ ਨੇ ਜੋ ਕੁੱਝ ਫੋਨ ਤੇ ਆਪਣੇ ਦੋਸਤਾਂ ਨੂੰ ਦੱਸਿਆ ਉਸਤੋਂ ਮੁਲਾਕਾਤ ਦੀ ਪੁਸ਼ਟੀ ਹੋਈ ਹੈ। ਹੁਣ ਭਾਵੇਂ ਕੋਈ ਮੰਨੇ ਜਾਂ ਨਾ, ਪ੍ਰੰਤੂ ਇਸ ਮੁਲਾਕਾਤ ਨੂੰ ਆਉਣ ਵਾਲੀਆਂ ਚੋਣਾਂ ਦੌਰਾਨ ਸ਼ਿਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨਾਲ ਜੋੜ ਕੇ ਹੀ ਵੇਖਿਆ ਜਾ ਰਿਹਾ ਹੈ।
ਜਦੋਂ ਤੋਂ ਸ਼ਿਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਖਤਮ ਹੋਇਆ ਹੈ ਉਦੋਂ ਤੋਂ ਦੋਵਾਂ ਪਾਰਟੀਆਂ ਨੇ ਕੁੱਝ ਨਹੀਂ ਖੱਟਿਆ। ਲੰਮੇ ਸਮੇਂ ਤੋਂ ਬਾਅਦ ਹੁਣ ਜਾ ਕੇ ਭਾਜਪਾ ਦੇ ਪੈਰ ਲੱਗਣੇ ਸ਼ੁਰੂ ਹੋਏ ਨੇ। ਸ਼ਿਅਦ ਤਾਂ ਇਸ ਦੌਰਾਨ ਖੇਰੂੰ ਖੇਰੂੰ ਹੋ ਚੁਕਾ ਹੈ। ਇਸਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕਰੀਬ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤਕ ਆਪਸ ਵਿਚ ਭਾਈਵਾਲ ਰਹੇ ਨੇ ਤੇ 1997-2002, 2007-2012 ਅਤੇ 2012 ਤੋਂ 2017 ਤੱਕ ਇਹ ਤਿੰਨ ਵਾਰ ਪੰਜਾਬ ਦੇ ਸਾਂਝੇ ਸ਼ਾਸਕ ਰਹੇ ਹਨ। ਉਦੋਂ ਪ੍ਕਾਸ਼ ਸਿੰਘ ਬਾਦਲ ਦੀ ਸਦਾਰਤ ਵਿੱਚ ਇਹ ਛੋਟਾ ਭਰਾ-ਵੱਡਾ ਭਰਾ ਬਣੇ ਹੋਏ ਸਨ।

ਇੱਕ ਦੂਜੇ ਤੋਂ ਵੱਖ ਹੋ ਜਾਣ ਤੋਂ ਬਾਅਦ ਫੇਰ ਤੋਂ ਗਠਜੋੜ ਕਰਨ ਦੀਆਂ ਕੋਸ਼ਿਸ਼ਾਂ ਕਾਫੀ ਦੇਰ ਤੋਂ ਚਲ ਰਹੀਆਂ ਸਨ ਪਰ ਇਹਨਾਂ ਨੂੰ ਬੂਰ ਨਹੀਂ ਪਿਆ। ਹੁਣ ਵੀ ਦੋਵੇਂ ਵਰਗ ਖੁਲ ਕੇ ਇਹ ਕਹਿਣ ਨੂੰ ਤਿਆਰ ਨਹੀਂ ਹਨ ਕਿ ਉਹ ਫੇਰ ਤੋਂ ਗਠਜੋੜ ਕਰਨ ਜਾ ਰਹੇ ਹਨ, ਪਰ ਚਾਹੁੰਦੇ ਦੋਵੇਂ ਇਹੀ ਕੁੱਝ ਹਨ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸੰਭਾਵੀ ਚੋਣ ਗੱਠਜੋੜ ਬਾਰੇ ਕਿਆਸ ਅਰਾਈਆਂ ਦਾ ਜ਼ੋਰ ਫੜਨਾ ਲਾਜ਼ਮੀ ਹੈ। ਦਿੱਲੀ ਵਿੱਚ ਸੁਖਬੀਰ ਦੇ ਨਾਲ ਗਏ ਆਗੂਆਂ ਨੇ ਇਸ ਮਿਲਣੀ ਨੂੰ ਇੱਕ ਗੈਰ-ਰਸਮੀ ਮੀਟਿੰਗ ਕਿਹਾ, ਇਸਤੋਂ ਵੱਧ ਉਹ ਹੋਰ ਕੁੱਝ ਨਾ ਬੋਲੇ। ਦੋਵੇਂ ਪਾਰਟੀਆਂ ਜਾਣਦੀਆਂ ਹਨ ਕਿ ਰਾਜਨੀਤਿਕ ਪੱਧਰ ਤੇ ਹੁਣ ਹਾਲਾਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਦਲ ਚੁੱਕੇ ਹਨ, ਬਹੁਤ ਵੱਡੇ ਕੱਦ ਦੇ ਕਾਂਗਰਸੀ ਭਾਜਪਾ ਨਾਲ ਜਾ ਮਿਲੇ ਹਨ, ਅਜਿਹੇ ਵਿੱਚ ਸ਼ਿਰੋਮਣੀ ਅਕਾਲੀ ਦਲ ਲਈ ਇਕੱਲਿਆਂ ਅੱਗੇ ਵਧਣਾ ਨਾ ਤਾਂ ਤਰਕਸੰਗਤ ਹੈ ਤੇ ਨਾ ਹੀ ਸੌਖਾ। ਇਸੇ ਕਰਕੇ ਇਸ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਦੋਵੇਂ ਪਾਰਟੀਆਂ ਪੰਜਾਬ ਵਿੱਚ ਬਦਲੇ ਹੋਏ ਰਾਜਨੀਤਿਕ ਸਮੀਕਰਨਾਂ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪੋ ਆਪਣੀ ਤਿਆਰੀ ਤੇ ਜੁਟੀਆਂ ਹੋਈਆਂ ਹਨ ਜੋ ਕਿ ਸਮੇਂ ਦੀ ਮੰਗ ਹੈ। ਉਂਝ ਤਾਂ ਕਈ ਹੋਰ ਕਾਰਨਾਂ ਕਰਕੇ ਵੀ ਸੁਖਬੀਰ ਬਾਦਲ ਅਤੇ ਮੋਦੀ ਵਿੱਚਕਾਰ ਖਟਾਸ ਪੈਦਾ ਹੋ ਚੁਕੀ ਸੀ ਪ੍ਰੰਤੂ ਜਦੋਂ ਮੋਦੀ ਸਰਕਾਰ ਕਿਸਾਨਾਂ ਦੇ ਲਾਭ ਲਈ ਕਥਿਤ ਤਿੰਨ ਨਵੇਂ ਕ਼ਾਨੂਨ ਲੈਕੇ ਆਈ ਤਾਂ ਮਾਮਲਾ ਹੋਰ ਗੜਬੜਾ ਗਿਆ। ਹੋਇਆ ਇਹ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਤੇ ਮਤਭੇਦਾਂ ਤੋਂ ਬਾਅਦ ਉਨ੍ਹਾਂ ਦਾ ਕਰੀਬ 23 ਸਾਲਾਂ ਦਾ ਗੱਠਜੋੜ ਅਧਿਕਾਰਤ ਤੌਰ ਤੇ ਸਤੰਬਰ 2020 ਵਿੱਚ ਖਤਮ ਹੋ ਗਿਆ।
ਤੁਹਾਨੂੰ ਪਤਾ ਹੀ ਹੋਵੇਗਾ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ਦੋਵਾਂ ਪਾਰਟੀਆਂ ਦੇ ਸੰਬੰਧਾਂ ਚ ਤਰੇੜ ਆ ਗਈ ਸੀ, ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਵਿੱਚ ਖੇਤੀ ਕਾਨੂੰਨ ਦਾ ਸਮਰਥਨ ਕੀਤਾ, ਜਦੋਂ ਲੋਕਸਭਾ ਵਿੱਚ ਬਿੱਲ ਪਾਸ ਹੋਇਆ ਉਦੋਂ ਵੀ, ਪ੍ਰੰਤੂ ਮਗਰੋਂ ਇਸਦਾ ਵਿਰੋਧ ਕੀਤਾ ਅਤੇ ਇਸਨੂੰ ਰੱਦ ਕਰਨ ਦੀ ਮੰਗ ਲੱਗੇ। ਬਾਅਦ ਵਿੱਚ ਅਕਾਲੀ ਦਲ ਨੇ ਰਾਸ਼ਟਰੀ ਲੋਕਤੰਤਰੀ ਗੱਠਜੋੜ ਤੋਂ ਨਾਤਾ ਤੋੜ ਲਿਆ ਅਤੇ ਦੋਵਾਂ ਪਾਰਟੀਆਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੱਖਰੇ ਤੌਰ ਤੇ ਲੜੀਆਂ, ਜਿਸ ਵਿੱਚ ਭਾਰੀ ਚੋਣ ਨੁਕਸਾਨ ਹੋਇਆ। ਸ਼ਿਰੋਮਣੀ ਅਕਾਲੀ ਦਲ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਸਮਰਥਨ ਕਾਰਨ ਕਿਸਾਨ ਮੋਰਚਾ ਫ਼ਤਹਿ ਕਰ ਚੁੱਕੇ ਸਨ ਪਰ ਸੁਖਬੀਰ ਬਾਦਲ ਹੁਣ ਇੱਕਲੇ ਪੈ ਗਏ।

ਵੇਖਿਆ ਜਾਵੇ ਤਾਂ ਅੱਜ ਦੀ ਮੀਟਿੰਗ ਇੱਕ ਅਜਿਹੇ ਸਮੇਂ ਤੇ ਹੋਈ ਹੈ ਜਦੋਂ ਦੋਵੇਂ ਪਾਰਟੀਆਂ ਅੰਦਰੂਨੀ ਚੁਣੌਤੀਆਂ ਨਾਲ ਜੂਝ ਰਹੀਆਂ ਹਨ। ਅੱਜ ਹਾਲਾਤ ਇਹ ਹਨ ਕਿ ਜੇਕਰ ਦੋਵੇਂ ਪਾਰਟੀਆਂ ਇੱਕ ਹੋਣ ਲਈ ਹਾਮੀ ਭਰਨ ਲਈ ਤਿਆਰ ਵੀ ਜੋ ਜਾਣ ਤਾਂ ਵੀ ਵੱਡੇ ਭਾਜਪਾ ਆਗੂ ਅਕਾਲੀਆਂ ਦੀ ਮੁਖ਼ਾਲਫ਼ਤ ਕਰਦੇ ਹੀ ਨਜ਼ਰ ਆਉਣਗੇ। ਅਜਿਹਾ ਇਸ ਲਈ ਕਿਉਂਕਿ ਇੱਕ ਤਾਂ ਉਹ ਪਹਿਲਾਂ ਹੀ ਇਹਨਾਂ ਦੀ ਸਲਾਹ ਤੋਂ ਬਿਨਾ ਕਾਂਗਰਸੀਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਦੇ ਖ਼ਿਲਾਫ਼ ਸਨ ਤੇ ਹੁਣ ਉਹਨਾਂ ਨੂੰ ਕੁੱਝ ਖ਼ਾਸ ਕਾਰਨਾਂ ਕਰਕੇ ਅਕਾਲੀਆਂ ਤੋਂ ਕਿਸੇ ਸਹਾਇਤਾ ਦੀ ਉੱਮੀਦ ਨਹੀਂ ਹੈ।
ਇਹ ਵੀ ਸੱਚ ਹੈ ਕਿ ਕਾਂਗਰਸ ਅਤੇ ਭਾਜਪਾ ਵਾਂਗ ਸ਼੍ਰੋਮਣੀ ਅਕਾਲੀ ਦਲ ਵੀ ਸੰਗਠਨਾਤਮਕ ਚੁਣੌਤੀਆਂ ਅਤੇ ਧੜੇਬੰਦੀ ਦਾ ਸ਼ਿਕਾਰ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇਸੇ ਧੜੇਬੰਦੀ ਦੀ ਦੇਣ ਹੈ। ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਵਾਲੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ, ਆਪਣਾ ਵੱਖਰਾ ਰਾਗ ਅਲਾਪ ਰਹੀ ਹੈ। ਅਜਿਹੇ ਹਾਲਾਤ ਉਂਝ ਇਸੇ ਵੱਲ ਇਸ਼ਾਰਾ ਕਰ ਰਹੇ ਹਨ ਕਿ ਸਮੇਂ ਦੀ ਮੰਗ ਹੈ ਕਿ ਦੋਵੇਂ ਪਾਰਟੀਆਂ ਫੇਰ ਤੋਂ ਗਠਬੰਧਨ ਵਿੱਚ ਬੰਨ੍ਹੀਆਂ ਜਾਣ ਤਾਂ ਇਹਨਾਂ ਨੂੰ ਲਾਭ ਹੋ ਸਕਦੈ।

RELATED ARTICLES
POPULAR POSTS