
New Delhi :ਸੀਮੈਂਸ ਐਨਰਜੀ ਇੰਡੀਆ ਨੇ ਜੂਨ ਵਿੱਚ ਸਮਾਪਤ ਹੋਈ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ, ਜੋ ਬਾਜ਼ਾਰ ਦੀਆਂ ਉਮੀਦਾਂ ਤੋਂ ਕਾਫ਼ੀ ਬਿਹਤਰ ਰਹੇ ਹਨ।
ਕੰਪਨੀ ਦਾ ਸ਼ੁੱਧ ਮੁਨਾਫਾ ਸਾਲਾਨਾ ਅਧਾਰ ‘ਤੇ 67.8 ਫ਼ੀਸਦੀ ਵੱਧ ਕੇ 441 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਇਸੇ ਤਿਮਾਹੀ ਦੌਰਾਨ ਕੰਪਨੀ ਦਾ ਮੁਨਾਫਾ 262 ਕਰੋੜ ਰੁਪਏ ਸੀ। ਇਹ ਅੰਕੜਾ ਬਾਜ਼ਾਰ ਦੇ 342.75 ਕਰੋੜ ਰੁਪਏ ਦੇ ਅਨੁਮਾਨ ਨਾਲੋਂ ਵੀ ਕਾਫ਼ੀ ਵੱਧ ਹੈ।
ਇਸੇ ਤਰ੍ਹਾਂ ਕੰਪਨੀ ਦੀ ਕੁੱਲ ਆਮਦਨ (ਰੇਵੈਨਿਊ) ਵੀ 39.3 ਫ਼ੀਸਦੀ ਵੱਧ ਕੇ 2,486 ਕਰੋੜ ਰੁਪਏ ਹੋ ਗਈ, ਜਦਕਿ ਪਿਛਲੇ ਸਾਲ ਇਹ 1,784 ਕਰੋੜ ਰੁਪਏ ਸੀ। ਇਹ ਵੀ ਬਾਜ਼ਾਰ ਦੇ 2,264.5 ਕਰੋੜ ਰੁਪਏ ਦੇ ਅਨੁਮਾਨ ਤੋਂ ਉੱਪਰ ਰਹੀ।
ਕੰਪਨੀ ਦਾ ਈਬਿਟਡਾ (EBITDA) 72.1 ਫ਼ੀਸਦੀ ਵੱਧ ਕੇ 585.7 ਕਰੋੜ ਰੁਪਏ ਹੋ ਗਿਆ, ਜੋ ਬਾਜ਼ਾਰ ਦੇ 455.75 ਕਰੋੜ ਰੁਪਏ ਦੇ ਅਨੁਮਾਨ ਨਾਲੋਂ ਬਿਹਤਰ ਰਿਹਾ।
ਉੱਥੇ ਹੀ ਕੰਪਨੀ ਦਾ ਈਬਿਟਡਾ ਮਾਰਜਿਨ ਪਿਛਲੇ ਸਾਲ ਦੇ 19 ਫ਼ੀਸਦੀ ਤੋਂ ਵੱਧ ਕੇ 23.6 ਫ਼ੀਸਦੀ ਹੋ ਗਿਆ। ਬਾਜ਼ਾਰ ਨੂੰ ਇਸ ਦੇ 20 ਫ਼ੀਸਦੀ ਰਹਿਣ ਦੀ ਉਮੀਦ ਸੀ।
ਕੰਪਨੀ ਨੇ ਇਹ ਤਿਮਾਹੀ ਨਤੀਜੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੋਣ ਤੋਂ ਬਾਅਦ ਜਾਰੀ ਕੀਤੇ।

