
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਦੁਨੀਆ ਭਰ ਵਿਚ ਮਹਿੰਗਾਈ ਵੀ ਵਧ ਗਈ। ਇਸ ਦੌਰਾਨ ਅਪਰੈਲ ਤੋਂ ਜੂਨ ਮਹੀਨੇ ਵਿਚਕਾਰ ਦੁਨੀਆ ਦੀਆਂ 6 ਸਭ ਤੋਂ ਵੱਡੀਆਂ ਤੇਲ ਕੰਪਨੀਆਂ ਨੇ ਰਿਕਾਰਡ 81 ਅਰਬ ਡਾਲਰ ਦਾ ਮੁਨਾਫਾ ਕਮਾਇਆ ਹੈ। ਇਰਾਨ ਦੇ ਮੀਡੀਆ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਮੁਨਾਫੇ ਦੀ ਇਹ ਰਕਮ ਕਰੀਬ 7 ਲੱਖ ਕਰੋੜ ਰੁਪਏ ਬਣਦੀ ਹੈ, ਜੋ ਭਾਰਤ ਦੇ ਪੂਰੇ ਸਾਲ ਦੇ ਰੱਖਿਆ ਬਜਟ 6.81 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਜੰਗ ਸ਼ੁਰੂ ਹੋਈ ਸੀ ਤਾਂ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਸੀ। ਇਹ ਅਪ੍ਰੈਲ ਤੋਂ ਜੂਨ ਮਹੀਨੇ ਦੇ ਵਿਚਕਾਰ 120 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਇਸਦੇ ਚੱਲਦਿਆਂ ਤੇਲ ਕੰਪਨੀਆਂ ਨੇ ਇਸ ਦੌਰਾਨ ਕਰੀਬ 23 ਫੀਸਦੀ ਮੁਨਾਫਾ ਕਮਾਇਆ ਹੈ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਰਾਨ ਸਮਝੌਤਾ ਕਰੇ ਜਾਂ ਸਰੈਂਡਰ। ਟਰੰਪ ਨੇ ਦਾਅਵਾ ਕੀਤਾ ਕਿ ਹੋਰਮੁਜ਼ ਸਾਡੇ ਕੰਟਰੋਲ ਵਿਚ ਹੈ ਅਤੇ ਅਮਰੀਕੀ ਫੌਜ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਜਹਾਜ਼ ਇਥੋਂ ਲੰਘ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਰਾਨ ਦੀ ਲੀਡਰਸ਼ਿਪ ਗੱਲਬਾਤ ਨੂੰ ਲੈ ਕੇ ਦੋਹਰਾ ਰਵੱਈਆ ਅਪਣਾ ਰਹੀ ਹੈ।

