
ਰੋਪੜ/ਬਿਊਰੋ ਨਿਊਜ਼ : ਰੋਪੜ ਜ਼ਿਲ੍ਹੇ ਦੇ ਨੰਗਲ ਕਸਬੇ ਵਿੱਚ ਸਥਿਤ ‘ਪ੍ਰੀਮੋ ਕੈਮੀਕਲਜ਼’ ਪਲਾਂਟ ਵਿੱਚੋਂ ਅੱਜ ਸੋਮਵਾਰ ਸਵੇਰੇ ਕਲੋਰੀਨ ਗੈਸ ਲੀਕ ਹੋਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੈਸ ਦੀ ਬੱਦਬੂ ਨੇੜਲੇ ਰਿਹਾਇਸ਼ੀ ਇਲਾਕਿਆਂ ਅਤੇ ਪਿੰਡਾਂ ਵਿੱਚ ਫੈਲ ਗਈ, ਜਿਸ ਨਾਲ ਸਥਾਨਕ ਲੋਕਾਂ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਕੈਮੀਕਲ ਯੂਨਿਟ ਦੇ ਨੇੜੇ ਦੀਆਂ ਕਲੋਨੀਆਂ ਵਿੱਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਕੈਮੀਕਲ ਦੀ ਬਦਬੂ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਗਈ ਸੀ। ਖਤਰਨਾਕ ਗੈਸ ਦੇ ਲੀਕ ਹੋਣ ਦੇ ਡਰੋਂ ਕਈ ਲੋਕਾਂ ਨੇ ਤੁਰੰਤ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕੀਤਾ। ਰਿਹਾਇਸ਼ੀਆਂ ਅਨੁਸਾਰ ਘਟਨਾ ਤੋਂ ਬਾਅਦ ਲੋਕਾਂ ਵਿੱਚ ਭੰਬਲਭੂਸਾ ਅਤੇ ਚਿੰਤਾ ਬਣੀ ਹੋਈ ਸੀ, ਕਿਉਂਕਿ ਉਹ ਅਧਿਕਾਰਤ ਪੁਸ਼ਟੀ ਦਾ ਇੰਤਜ਼ਾਰ ਕਰ ਰਹੇ ਸਨ ਕਿ ਇਹ ਘਟਨਾ ਕਿੰਨੀ ਗੰਭੀਰ ਹੈ ਅਤੇ ਇਸ ਨਾਲ ਸਿਹਤ ਨੂੰ ਕੋਈ ਖ਼ਤਰਾ ਹੈ ਜਾਂ ਨਹੀਂ। ਇਸੇ ਦੌਰਾਨ ‘ਪ੍ਰੀਮੋ ਕੈਮੀਕਲਜ਼’ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ। ਕੰਪਨੀ ਦੇ ਡਿਪਟੀ ਜਨਰਲ ਮੈਨੇਜਰ ਅਤੇ ਬੁਲਾਰੇ ਭਗਵਤੀ ਪ੍ਰਸਾਦ ਨੇ ਪਲਾਂਟ ਦੇ ਅੰਦਰ ਕਲੋਰੀਨ ਗੈਸ ਲੀਕ ਹੋਣ ਦੀ ਪੁਸ਼ਟੀ ਕੀਤੀ, ਪਰ ਨਾਲ ਹੀ ਕਿਹਾ ਕਿ ਇਸ ’ਤੇ ਤੁਰੰਤ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਯੂਨਿਟ ਵਿੱਚ ਕਲੋਰੀਨ ਲੀਕੇਜ ਹੋਈ ਸੀ, ਪਰ ਇਸ ’ਤੇ ਕਾਬੂ ਪਾ ਲਿਆ ਗਿਆ ਹੈ। ਇਸ ਲੀਕੇਜ ਕਾਰਨ ਆਮ ਲੋਕਾਂ ਦੀ ਜਾਨ ਜਾਂ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ।

