
New Delhi : ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਇੱਕ ਨਵੀਂ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਚੱਲਦਿਆਂ ਹੁਣ ਲੋਕਾਂ ਨੂੰ ਆਪਣੇ ਬੈਂਕ ਖਾਤੇ ਅਤੇ ਨਿਵੇਸ਼ ਦੀ ਜਾਣਕਾਰੀ ਵੱਖ-ਵੱਖ ਥਾਵਾਂ ’ਤੇ ਦੇਖਣ ਦੀ ਲੋੜ ਨਹੀਂ ਪਵੇਗੀ।
ਆਰਬੀਆਈ ਨੇ ਡਿਪਾਜ਼ਟਰੀ ਸੰਸਥਾਵਾਂ ਨੂੰ ਬੈਂਕ ਜਮ੍ਹਾਂ ਰਕਮ ਦੀ ਜਾਣਕਾਰੀ ਵੀ ਕਨਸੋਲਿਡੇਟਿਡ ਅਕਾਊਂਟ ਸਟੇਟਮੈਂਟ (ਸੀਏਐਸ) ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਸਹੂਲਤ 1 ਜਨਵਰੀ ਤੋਂ ਲਾਗੂ ਹੋਣ ਦੀ ਉਮੀਦ ਹੈ।
ਇਸ ਬਦਲਾਅ ਤੋਂ ਬਾਅਦ ਗਾਹਕ ਆਪਣੇ ਬੈਂਕ ਜਮ੍ਹਾਂ, ਸ਼ੇਅਰ, ਮਿਊਚੁਅਲ ਫੰਡ ਅਤੇ ਹੋਰ ਨਿਵੇਸ਼ਾਂ ਦੀ ਜਾਣਕਾਰੀ ਇੱਕੋ ਮਹੀਨਾਵਾਰ ਸਟੇਟਮੈਂਟ ਵਿੱਚ ਦੇਖ ਸਕਣਗੇ।
ਸੀਏਐਸ ਵਿੱਚ ਹੁਣ ਤੱਕ ਮਿਊਚੁਅਲ ਫੰਡ ਅਤੇ ਡੀਮੈਟ ਖਾਤੇ ਵਿੱਚ ਰੱਖੇ ਨਿਵੇਸ਼ਾਂ ਦੀ ਜਾਣਕਾਰੀ ਮਿਲਦੀ ਹੈ। ਇਹ ਜਾਣਕਾਰੀ ਇੱਕੋ ਪੈਨ ਨਾਲ ਜੁੜੇ ਨਿਵੇਸ਼ ਖਾਤਿਆਂ ਦੇ ਆਧਾਰ ’ਤੇ ਤਿਆਰ ਕੀਤੀ ਜਾਂਦੀ ਹੈ। ਨੈਸ਼ਨਲ ਪੈਨਸ਼ਨ ਸਿਸਟਮ (ਐਨਪੀਐਸ) ਨੂੰ ਵੀ ਸੀਏਐਸ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਹੁਣ ਬੈਂਕ ਜਮ੍ਹਾਂ ਰਕਮ ਨੂੰ ਵੀ ਇਸ ਵਿੱਚ ਜੋੜਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਨਾਲ ਵਿਅਕਤੀ ਨੂੰ ਆਪਣੀ ਵਿੱਤੀ ਸਥਿਤੀ ਦੀ ਹੋਰ ਸਪੱਸ਼ਟ ਤਸਵੀਰ ਮਿਲ ਸਕੇਗੀ। ਸੀਏਐਸ ਵਿੱਚ ਨਿਵੇਸ਼ ਦੀ ਮੌਜੂਦਾ ਕੀਮਤ, ਰਿਟਰਨ ਅਤੇ ਮਿਊਚੁਅਲ ਫੰਡ ਨਾਲ ਜੁੜੇ ਖਰਚੇ ਅਤੇ ਕਮਿਸ਼ਨ ਵਰਗੀ ਜਾਣਕਾਰੀ ਵੀ ਮਿਲਦੀ ਹੈ। ਇਹ ਸਟੇਟਮੈਂਟ ਆਮ ਤੌਰ ’ਤੇ ਗਾਹਕ ਦੀ ਰਜਿਸਟਰਡ ਈਮੇਲ ’ਤੇ ਭੇਜੀ ਜਾਂਦੀ ਹੈ।

