11 C
Toronto
Thursday, October 8, 2026
spot_img
HomeਕੈਨੇਡਾFrontਨਵੇਂ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ, ਤੇ ਸਚਿਨ ਪਾਇਲਟ ਨੇ ਹਰਮੰਦਰ ਸਾਹਿਬ ਤੇ...

ਨਵੇਂ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ, ਤੇ ਸਚਿਨ ਪਾਇਲਟ ਨੇ ਹਰਮੰਦਰ ਸਾਹਿਬ ਤੇ ਟੇਕਿਆ ਮੱਥਾ

ਨਵੇਂ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ, ਤੇ ਸਚਿਨ ਪਾਇਲਟ ਨੇ ਹਰਮੰਦਰ ਸਾਹਿਬ ਤੇ ਟੇਕਿਆ ਮੱਥਾ

ਮੈਂ ਇੱਕ ਟੀਮ ਪਲੇਅਰ ਹਾਂ, ਕਾਂਗਰਸ ਦੀ ਅਗਵਾਈ ਕਰਨਾ ਸਭਨਾਂ ਦੀ ਸਮੂਹਿਕ ਜਿੰਮੇਦਾਰੀ-ਪ੍ਰਗਟ
ਪੰਜਾਬ ਕੋਲ ਬਹੁਤ ਤਜੁਰਬੇਕਾਰ ਲੋਕ ਹਨ, ਉਹ ਆਪਣਾ ਕਿਰਦਾਰ ਆਪ ਨਿਭਾਉਣਗੇ- ਪ੍ਰਗਟ
ਆਉਣ ਵਾਲਾ ਸਮਾਂ ਪੰਜਾਬ, ਨੌਜਵਾਨ ਪੀੜ੍ਹੀ ਲਈ ਬਿਹਤਰ ਭਵਿੱਖ ਲੈ ਕੇ ਆਵੇਗਾ -ਪਾਇਲਟ

ਅਮਰਜੀਤ ਸਿੰਘ
8 ਅਕਤੂਬਰ, 2026
ਪੰਜਾਬ ਪਰਦੇਸ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰਗਟ ਸਿੰਘ ਅਤੇ ਪੰਜਾਬ ਦੇ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਆਪਣੇ ਬਹੁਤ ਸਾਰੇ ਸਮਰਥਕਾਂ ਨਾਲ ਅੱਜ ਵੀਰਵਾਰ ਸਵੇਰੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਆਪਣੀ ਪਾਰਟੀ ਅਤੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਸੂਬਾ ਪਾਰਟੀ ਮੁਖੀ ਵਜੋਂ ਨਿਯੁਕਤੀ ਤੋਂ ਬਾਅਦ ਪ੍ਰਗਟ ਸਿੰਘ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਨੂੰ ਤਰੱਕੀ ਬਖਸ਼ਣ ਲਈ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ।
ਪ੍ਰਗਟ ਸਿੰਘ ਦੇ ਇਸ ਦੌਰੇ ਦਾ ਮਕਸਦ ਗੁਰੂ ਘਰ ਵਿਚ ਸੀਸ ਨਿਵਾਉਣ ਦੇ ਨਾਲ ਨਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਏਕਤਾ ਦਰਸਾਉਣਾ ਵੀ ਸੀ। ਇਸ ਦੌਰਾਨ ਵੱਖ-ਵੱਖ ਹਲਕਿਆਂ ਤੋਂ ਕਈ ਸੀਨੀਅਰ ਆਗੂ, ਸਾਬਕਾ ਮੰਤਰੀ, ਮੌਜੂਦਾ ਅਤੇ ਸਾਬਕਾ ਵਿਧਾਇਕ ਅਤੇ ਪਾਰਟੀ ਵਰਕਰ ਇਨ੍ਹਾਂ ਦੋਵਾਂ ਆਗੂਆਂ ਦੇ ਨਾਲ ਹਾਜ਼ਰੀ ਭਰ ਰਹੇ ਸਨ। ਗੁਰੂ ਘਰ ਵਿੱਚ ਦਾਖ਼ਲ ਹੁੰਦੇ ਸਮੇਂ ਲੱਗ ਰਿਹਾ ਸੀ ਕਿ ਬਹੁਤ ਸਾਰੇ ਪੰਜਾਬੀ ਪ੍ਰਗਟ ਸਿੰਘ ਦੇ ਨਾਲ ਚੱਲ ਪਏ ਹਨ।
ਇਸ ਮੌਕੇ ਉਹ ਆਗੂ ਹਾਜ਼ਰ ਨਹੀਂ ਹੋ ਸਕੇ ਜੋ ਅੱਜ ਕੱਲ੍ਹ ਰਾਹੁਲ ਗਾਂਧੀ ਵੱਲੋਂ ਇੰਡੀਆ ਬਲਾਕ ਦੇ ਆਗੂਆਂ ਨੂੰ ਨਾਲ ਲੈਕੇ ਦਿੱਲੀ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਲਈ ਦਿੱਲੀ ਗਏ ਹੋਏ ਹਨ। ਕਿਹਾ ਜਾ ਸਕਦੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇਸ ਮੌਕੇ ਹਾਜ਼ਰ ਨਹੀਂ ਹੋ ਸਕੇ।
ਇਸਤੋਂ ਪਹਿਲਾਂ ਪਰਗਟ ਸਿੰਘ ਅਤੇ ਸਚਿਨ ਪਾਇਲਟ ਵੀਰਵਾਰ ਸਵੇਰੇ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਪਾਰਟੀ ਦੀ ਏਕਤਾ ਅਤੇ ਤਾਕਤ ਦੇ ਪ੍ਰਦਰਸ਼ਨ ਵਜੋਂ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਇਕੱਠੇ ਹੋਏ ਸਨ। ਇਸ ਵੇਲੇ ਕਾਂਗਰਸੀ ਵਰਕਰਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਸਮਰਥਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਤੇ ਢੋਲ-ਨਗਾਰਿਆਂ ਦੀ ਗੂੰਜ ਤੇ ਬੋਲੇ ਸੋ ਨਿਹਾਲ ਦੇ ਨਾਅਰਿਆਂ ਨਾਲ ਪਰਗਟ ਸਿੰਘ ਦਾ ਸਵਾਗਤ ਕੀਤਾ ਗਿਆ। ਕਈ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਵੀ ਆਪਣੇ ਸਮਰਥਕਾਂ ਸਮੇਤ ਹਵਾਈ ਅੱਡੇ ‘ਤੇ ਪਹੁੰਚੇ।
ਮੱਥਾ ਟੇਕਣ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਇਸ ਦੌਰੇ ਦਾ ਮਕਸਦ ਕੋਈ ਸਿਆਸੀ ਗਤੀਵਿਧੀ ਨਹੀਂ, ਸਗੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣਾ ਸੀ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਦੌਰੇ ਦੌਰਾਨ ਇਹ ਵਫ਼ਦ ਦੁਰਗਿਆਨਾ ਮੰਦਰ, ਸੇਂਟ ਪਾਲ ਚਰਚ, ਭਗਵਾਨ ਵਾਲਮੀਕਿ ਤੀਰਥ ਅਤੇ ਡੇਰਾ ਬੱਲਾਂ ਦੇ ਵੀ ਦਰਸ਼ਨ ਕਰੇਗਾ। ਉਥੇ ਹਾਜ਼ਰ ਲੋਕਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਨਫ਼ਰਤ ਜਾਂ ਟਕਰਾਅ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਅਜਿਹੀ ਰਾਜਨੀਤੀ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਜੋ ਦੇਸ਼ ਦੇ ਸੰਵਿਧਾਨ ਅਤੇ ਪੰਜਾਬੀਅਤ ਦੀ ਭਾਵਨਾ ਪ੍ਰਤੀ ਵਚਨਬੱਧ ਹੋਵੇ।
ਪਰਗਟ ਸਿੰਘ ਨੇ ਆਪ ਮੁਹਾਰੇ ਕਿਹਾ ਕਿ ਪਾਰਟੀ ਕੋਲ ਬਹੁਤ ਸਾਰੇ ਯੋਗ ਆਗੂ ਹਨ ਅਤੇ ਇੱਥੇ ਹਰ ਕਿਸੇ ਲਈ ਯੋਗਦਾਨ ਪਾਉਣ ਦੀ ਗੁੰਜਾਇਸ਼ ਹੈ। ਖੁਦ ਨੂੰ ‘ਟੀਮ ਪਲੇਅਰ’ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੀ ਅਗਵਾਈ ਕਰਨਾ ਇੱਕ ਸਮੂਹਿਕ ਜ਼ਿੰਮੇਵਾਰੀ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਉਨ੍ਹਾਂ ਦਾ ਟੀਚਾ ਹੈ ਅਤੇ ਕਾਂਗਰਸ ਉਸ ਟੀਚੇ ਨੂੰ ਪ੍ਰਾਪਤ ਕਰਨ ਦਾ ਜ਼ਰੀਆ ਹੈ। ਇਸ ਮੌਕੇ ਸਚਿਨ ਪਾਇਲਟ ਨੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਮੁੱਖ ਚੁਣੌਤੀਆਂ ਦੱਸਿਆ। ਉਨ੍ਹਾਂ ਦੇ ਇਸ ਬਿਆਨ ਨੂੰ 2027 ਵਿੱਚ ਸੱਤਾ ਵਿੱਚ ਵਾਪਸੀ ‘ਤੇ ਨਜ਼ਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।
ਇਸ ਦੌਰਾਨ ਸਚਿਨ ਪਾਇਲਟ ਨੇ ਉਮੀਦ ਜ਼ਾਹਿਰ ਕੀਤੀ ਕਿ ਆਉਣ ਵਾਲੇ ਸਾਲ ਪੰਜਾਬ ਅਤੇ ਨੌਜਵਾਨ ਪੀੜ੍ਹੀ ਲਈ ਬਿਹਤਰ ਭਵਿੱਖ ਲੈ ਕੇ ਆਉਣਗੇ। ਉਨ੍ਹਾਂ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਨੂੰ ਸੂਬੇ ਦੇ ਸਾਹਮਣੇ ਮੌਜੂਦ ਪ੍ਰਮੁੱਖ ਚੁਣੌਤੀਆਂ ਵਜੋਂ ਦਰਸਾਇਆ ਅਤੇ ਖੁਸ਼ਹਾਲੀ ਬਹਾਲ ਕਰਨ ਤੇ ਵਿਕਾਸ ਨੂੰ ਤੇਜ਼ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਸਮੂਹਿਕ ਯਤਨ ਕਰਨ ਦਾ ਸੱਦਾ ਵੀ ਦਿੱਤਾ। ਪਾਇਲਟ ਨੇ ਕਿਹਾ ਕਿ ਕਾਂਗਰਸ ਨੇ ਪਰਗਟ ਸਿੰਘ ਨੂੰ ਸੂਬਾ ਇਕਾਈ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਭਰੋਸਾ ਪ੍ਰਗਟਾਇਆ ਕਿ ਸਾਰੇ ਜ਼ਿਲ੍ਹਿਆਂ ਅਤੇ ਹਲਕਿਆਂ ਦੇ ਪਾਰਟੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਮਿਲ ਕੇ ਕੰਮ ਕਰਨਗੇ।
ਇੱਕ ਗੱਲ ਤੇ ਖਾਸ ਤੌਰ ਤੇ ਜ਼ੋਰ ਦਿੰਦੇ ਹੋਏ ਪਾਇਲਟ ਨੇ ਕਿਹਾ ਕਿ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਕਾਂਗਰਸ ਸਮੂਹਿਕ ਤੌਰ ‘ਤੇ ਇੱਕਮਿਕ ਹੋਕੇ ਕੰਮ ਕਰੇਗੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਹਾਸਲ ਕਰੇਗੀ। ਉਨ੍ਹਾਂ ਨੇ ਭਰੋਸਾ ਜ਼ਾਹਿਰ ਕੀਤਾ ਕਿ ਪੰਜਾਬ ਦੇ ਲੋਕ ਉਨ੍ਹਾਂ ਦਾ ਸਾਥ ਜ਼ਰੂਰ ਦੇਣਗੇ ਕਿਉਂਜੋ ਉਹ ਜਾਣਦੇ ਹਨ ਕਿ ਕਾਂਗਰਸ ਦਾ ਕੰਮ ਕਰਨ ਦਾ ਤਰੀਕਾ ਕੀ ਹੈ।

Previous article
RELATED ARTICLES

POPULAR POSTS