
ਵਿਰੋਧੀ ਧਿਰ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਮੰਗਿਆ ਅਸਤੀਫਾ
ਚੰਡੀਗੜ੍ਹ/ਬਿਊੁਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ ਮਾਨਸੂਨ ਇਜਲਾਸ ਦੇ ਅੱਜ ਪਹਿਲੇ ਦਿਨ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਇਸਦੇ ਚੱਲਦਿਆਂ ਕਾਂਗਰਸੀ ਵਿਧਾਇਕ ਵਿਧਾਨ ਸਭਾ ਵਿਚ ਸ਼ਾਮਲ ਹੋਣ ਲਈ ਗਲਾਂ ਵਿਚ ਕਾਲਾ ਪਟਕਾ ਪਾ ਕੇ ਪਹੁੰਚੇ। ਇਜਲਾਸ ਦੇ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਨੇ ਫਰੀਦਕੋਟ ਵਿਚ ਫਾਰਮੇਸੀ ਦਾ ਪੇਪਰ ਲੀਕ ਹੋਣ ਦੇ ਮਾਮਲੇ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਅਸਤੀਫਾ ਮੰਗਿਆ। ਵਿਰੋਧੀ ਧਿਰ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿੱਖਿਆ ਮੰਤਰੀ ਦਿੱਲੀ ਵਿਚ ਜੇਨ-ਜੀ ਦੇ ਅੰਦੋਲਨ ਵਿਚ ਪਹੁੰਚੇ ਸਨ। ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਸਾਢੇ 4 ਸਾਲਾਂ ਵਿਚ 6 ਪੇਪਰ ਲੀਕ ਹੋਏ ਹਨ। ਇਨ੍ਹਾਂ ਵਿਚ 5 ਸਿੱਖਿਆ ਵਿਭਾਗ ਅਤੇ 1 ਸਿਹਤ ਵਿਭਾਗ ਨਾਲ ਸਬੰਧਤ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਕਿ ਇਸਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸਦਨ ਦਾ ਬਾਈਕਾਟ ਕਰ ਦਿੱਤਾ। ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਪੰਜਾਬ ’ਚ ਕਾਂਗਰਸ ਹੀ ਲੀਕ ਹੋ ਚੁੱਕੀ ਹੈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕਾਂ ਦੇ ਬਾਈਕਾਟ ’ਤੇ ਤਨਜ ਕੱਸਦਿਆਂ ਕਿਹਾ ਕਿ ਇਹ 2027 ਦਾ ਨਕਸ਼ਾ ਹੈ। ਇਸੇ ਦੌਰਾਨ ਸਰਕਾਰ ‘ਨੀਟ’ ਪੇਪਰ ਲੀਕ ਦੇ ਮੁੱਦੇ ’ਤੇ ਨਿੰਦਾ ਮਤਾ ਲੈ ਕੇ ਆਈ, ਜਿਸ ਨੂੰ ਪਾਸ ਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਭਲਕੇ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

