
ਸੜਕਾਂ ਦਾ ਵੱਡਾ ਨੁਕਸਾਨ – ਸੁਨਾਮੀ ਦਾ ਖਤਰਾ ਟਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਜਪਾਨ ਦੇ ਦੱਖਣੀ ਟਾਪੂ ਕਿਊਸ਼ੂ ਦੇ ਕੁਮਾਮੋਤੋ ਵਿਚ 6.8 ਦੀ ਗਤੀ ਦਾ ਭੂਚਾਲ ਆਇਆ ਹੈ। ਇਸ ਤੋਂ ਪਹਿਲਾਂ ਭੂਚਾਲ ਦੀ ਗਤੀ 7.1 ਦੱਸੀ ਗਈ ਸੀ। ਜਪਾਨ ਦੀ ਮੌਸਮ ਏਜੰਸੀ ਦੇ ਮੁਤਾਬਕ ਭੂਚਾਲ ਦਾ ਕੇਂਦਰ ਕੁਮਾਮੋਤੋ ਦੇ ਤੱਟੀ ਸ਼ਹਿਰ ਓਟੋ ਦੇ ਨੇੜੇ 10 ਕਿਲੋਮੀਟਰ ਦੀ ਡੂੰਘਾਈ ’ਚ ਸੀ। ਭੂਚਾਲ ਦੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿਚ ਵਾਪਸ ਲੈ ਲਿਆ ਗਿਆ। ਭੂਚਾਲ ਦੇ ਇਨ੍ਹਾਂ ਝਟਕਿਆਂ ਨਾਲ 48 ਹਜ਼ਾਰ ਤੋਂ ਵੀ ਜ਼ਿਆਦਾ ਘਰਾਂ ਦੀ ਬਿਜਲੀ ਬੰਦ ਹੋ ਗਈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਸੜਕਾਂ ਵਿਚ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਅਤੇ ਬਚਾਅ ਟੀਮਾਂ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਗਈਆਂ ਹਨ। ਜਪਾਨ ਦੇ ਮੌਸਮ ਵਿਭਾਗ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਸੁਚੇਤ ਕੀਤਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਭੂਚਾਲ ਦੇ ਹੋਰ ਝਟਕੇ ਲੱਗ ਸਕਦੇ ਹਨ।

