
ਚਮੋਲੀ/ਕੁਲਬੀਰ ਸਿੰਘ ਕਲਸੀ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦੀਆਂ ਦੇ ਮੌਸਮ ਲਈ 10 ਅਕਤੂਬਰ 2026 ਨੂੰ ਅਧਿਕਾਰਤ ਤੌਰ ’ਤੇ ਬੰਦ ਕਰ ਦਿੱਤੇ ਗਏ। 10 ਅਕਤੂਬਰ ਨੂੰ ਦੁਪਹਿਰ 12:30 ਵਜੇ ਅਰਦਾਸ ਕੀਤੀ ਗਈ ਅਤੇ ਦੁਪਹਿਰ 1:00 ਵਜੇ ਕਪਾਟ ਬੰਦ ਕਰ ਦਿੱਤੇ ਗਏ।
ਦਿਨ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸ਼ਬਦ-ਕੀਰਤਨ ਨਾਲ ਹੋਈ, ਜਿਸ ਤੋਂ ਬਾਅਦ ਹੁਕਮਨਾਮਾ ਲਿਆ ਗਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਖੰਡ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਰਸਮ ਨਿਭਾਈ ਗਈ। ਇਸ ਸਾਲ-23 ਮਈ 2026 ਨੂੰ ਕਪਾਟ ਖੁੱਲ੍ਹਣ ਤੋਂ ਲੈ ਕੇ 10 ਅਕਤੂਬਰ ਤੱਕ-ਰਿਕਾਰਡ ਗਿਣਤੀ ਵਿੱਚ 3.84 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ।
ਸਮਾਪਤੀ ਸਮਾਰੋਹ ਵਿੱਚ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਨੇ ਵੀ ਸ਼ਮੂਲੀਅਤ ਕੀਤੀ। ਕਪਾਟ ਬੰਦ ਹੋਣ ਦੌਰਾਨ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਅਤੇ ਕੜਾਕੇ ਦੀ ਠੰਢ ਦੇ ਮੱਦੇਨਜ਼ਰ, ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।

