ਕਾਂਗਰਸੀ ਉਮੀਦਵਾਰ ’ਤੇ ਕਾਤਲਾਨਾ ਹਮਲੇ ਦੇ ਦੋਸ਼ ’ਚ ਹੋਈ ਗਿ੍ਰਫਤਾਰੀ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਡਾਬਾ ਏਰੀਏ ’ਚ ਹੋਏ ਚੋਣਾਵੀ ਝਗੜੇ ’ਚ ਕੀਤੀ ਗਈ ਹੈ। ਕਾਂਗਰਸੀ ਉਮੀਦਵਾਰ ਕਮਲਜੀਤ ਕੜਵਲ ’ਤੇ ਕਾਤਲਾਨਾ ਹਮਲੇ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਜ਼ਿਲ੍ਹਾ ਅਦਾਲਤ ’ਚ ਵਕੀਲਾਂ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪਹੁੰਚੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਪੁਲਿਸ ਨੂੰ ਇਥੇ ਤਾਇਨਾਤ ਕੀਤਾ ਗਿਆ ਸੀ। ਪੁਲਿਸ ਜਦੋਂ ਵਿਧਾਇਕ ਨੂੰ ਗਿ੍ਰਫ਼ਤਾਰ ਕਰਨ ਦਾ ਯਤਨ ਕਰਨ ਲੱਗੀ ਤਾਂ ਵਕੀਲਾਂ ਨੇ ਗਿ੍ਰਫ਼ਤਾਰੀ ਨਾ ਹੋਣ ਦਿੱਤੀ। ਪ੍ਰੰਤੂ ਪੁਲਿਸ ਦੀ ਕਾਫ਼ੀ ਮੁਸ਼ੱਕਤ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗਿ੍ਰਫ਼ਤਾਰ ਕਰ ਲਿਆ। ਧਿਆਨ ਰਹੇ ਕਿ ਡਾਬਾ ਏਰੀਏ ’ਚ ਚੋਣਾਵੀ ਝਗੜੀ ਤੋਂ ਬਾਅਦ ਪੁਲਿਸ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਪੁੱਤਰ ਅਜੇਪ੍ਰੀਤ ਸਿੰਘ ਬੈਂਸ ਸਮੇਤ 33 ਵਿਅਕਤੀਆਂ ਦੇ ਖਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਮਾਮਲਾ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਨਜ਼ੀਦੀ ਸਾਥੀ ਗੁਰਵਿੰਦਰ ਸਿੰਘ ਪਿ੍ਰੰਕਲ ਦੀ ਸ਼ਿਕਾਇਤ ’ਤੇ ਕੀਤਾ ਹੈ।