
ਬਿਨਾ ਮਨਜੂਰੀ ਦੇ ਮਾਰਚ ਕੱਢਣ ਅਤੇ ਬੈਰੀਕੇਡ ਤੋੜਨ ਦੇ ਲੱਗੇ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਪੁਲਿਸ ਨੇ ‘ਇੰਡੀਆ’ ਗਠਜੋੜ ਵਲੋਂ ਸੁਪਰੀਮ ਕੋਰਟ ਵੱਲ ਕੱਢੇ ਗਏ ਵਿਰੋਧ ਮਾਰਚ ਦੇ ਸਬੰਧ ਵਿਚ ਦੋ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਹਨ। ਪੁਲਿਸ ਦਾ ਇਲਜ਼ਾਮ ਹੈ ਕਿ ਇਹ ਮਾਰਚ ਬਿਨਾ ਕਿਸੇ ਇਜਾਜ਼ਤ ਦੇ ਕੱਢਿਆ ਗਿਆ ਸੀ ਅਤੇ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਬੈਰੀਕੇਡ ਤੋੜਨ ਦੇ ਗੰਭੀਰ ਇਲਜ਼ਾਮ ਹਨ। ਇਹ ਐਫ.ਆਈ.ਆਰ. ਦਿੱਲੀ ਦੇ ਬਾਰਾਖੰਭਾ ਰੋਡ ਅਤੇ ਤਿਲਕ ਮਾਰਗ ਪੁਲਿਸ ਸਟੇਸ਼ਨਾਂ ਵਿਚ ਦਰਜ ਕੀਤੀਆਂ ਗਈਆਂ ਹਨ। ਪੁਲਿਸ ਅਨੁਸਾਰ ਪ੍ਰਦਰਸ਼ਨ ਦੌਰਾਨ ਬੈਰੀਕੇਡ ਤੋੜਨ ਲਈ ਇਕ ਮਿੰਨੀ ਟਰੱਕ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ, ਤਿਲਕ ਮਾਰਗ ਵਾਲੀ ਐਫ.ਆਈ.ਆਰ. ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਸਬੰਧਤ ਹੈ, ਜੋ ਸੁਪਰੀਮ ਕੋਰਟ ਦੇ ਗਲਿਆਰੇ ਵਿਚ ਦਾਖਲ ਹੋ ਗਏ ਸਨ। ਇਸ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਣੇ ਕਈ ਹੋਰ ‘ਇੰਡੀਆ’ ਗਠਜੋੜ ਦੇ ਆਗੂਆਂ ਦੇ ਨਾਮ ਸ਼ਾਮਲ ਹਨ। ਉਧਰ ਦੂਜੇ ਪਾਸੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਜਾ ਰਹੇ ‘ਕਾਕਰੋਚ ਜਨਤਾ ਪਾਰਟੀ’ ਦੇ ਸੀਨੀਅਰ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਸਬੰਧੀ ਵੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸ਼ਹਿਰ ਵਿਚ ਬਣਾਏ ਗਏ ਸੁਰੱਖਿਆ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਤੋਂ ਬਾਅਦ ਕੀਤੀ ਗਈ ਹੈ।

