
ਪਠਾਨਕੋਟ/ਬਿਊਰੋ ਨਿਊਜ਼
ਅੱਜ ਸੋਮਵਾਰ ਸਵੇਰੇ ਪਠਾਨਕੋਟ ਨਗਰ ਨਿਗਮ ਦੇ ਕਮਿਸ਼ਨਰ ਦੀ ਅਧਿਕਾਰਤ ਈਮੇਲ ’ਤੇ ਇਕ ਧਮਕੀ ਭਰਿਆ ਪੱਤਰ ਮਿਲਣ ਨਾਲ ਪ੍ਰਸ਼ਾਸਨਿਕ ਅਤੇ ਸੁਰੱਖਿਆ ਏਜੰਸੀਆਂ ਵਿਚ ਹੜਕੰਪ ਮਚ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਮੇਲ ਵਿਚ ਪਠਾਨਕੋਟ ਨਗਰ ਨਿਗਮ ਦਾ ਦਫਤਰ, ਆਰਮੀ ਸਟੇਸ਼ਨ ਅਤੇ ਕੈਂਟ ਸਥਿਤ ਆਰਮੀ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਭਰੇ ਪੱਤਰ ਵਿਚ ਆਰਮੀ ਬੇਸ ਅਤੇ ਸਕੂਲ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵੱਖ-ਵੱਖ ਅਦਾਰਿਆਂ ਨੂੰ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ। ਉਧਰ ਦੂਜੇ ਪਾਸੇ ਸੰਗਰੂਰ ਵਿਚ ਭਾਜਪਾ ਦੇ ਦਫਤਰ ’ਤੇ ਪੈਟਰੋਲ ਬੰਬ ਨਾਲ ਹਮਲਾ ਹੋਇਆ ਹੈ। ਪੁਲਿਸ ਦੇ ਮੁਤਾਬਕ ਇਹ ਘਟਨਾ ਐਤਵਾਰ ਦੇਰ ਰਾਤ ਨੂੰ ਵਾਪਰੀ ਦੱਸੀ ਗਈ ਹੈ। ਇਸਦੇ ਚੱਲਦਿਆਂ ਪੁਲਿਸ ਨੇ ਭਾਜਪਾ ਦੇ ਦਫਤਰ ਨੇੜੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

