
ਰੀਵਿਊ ਕਮੇਟੀ ਦਾ ਕੀਤਾ ਗਿਆ ਗਠਨ
ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤ ਸਰਕਾਰ ਵਲੋਂ ਫਿਲਮ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਲੈ ਕੇ ਰੀਵਿਊ ਕਮੇਟੀ ਦਾ ਗਠਨ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਖਲ ਤੋਂ ਬਾਅਦ ਇਹ ਕਮੇਟੀ ਬਣਾਈ ਗਈ ਹੈ। ਇਸਦੀ ਪੁਸ਼ਟੀ ਭਾਜਪਾ ਆਗੂ ਆਰ.ਪੀ. ਸਿੰਘ ਨੇ ਕੀਤੀ ਹੈ। ਇਹ ਕਮੇਟੀ ਫਿਲਮ ਦੀ ਸਮੱਗਰੀ, ਤੱਥਾਂ ਅਤੇ ਪੇਸ਼ ਕੀਤੇ ਗਏ ਵਿਸ਼ਿਆਂ ਦੀ ਜਾਂਚ ਕਰੇਗੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਸੈਂਸਰ ਬੋਰਡ ਤੋਂ ਪ੍ਰਵਾਨਗੀ ਨਹੀਂ ਮਿਲੀ ਸੀ। ਜ਼ਿਕਰਯੋਗ ਹੈ ਕਿ ਇਹ ਫਿਲਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਜਕਰਤਾ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਿਤ ਹੈ। ਖਾਲੜਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ ਖਾੜਕੂਵਾਦ ਦੇ ਸਮੇਂ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਕੇ 25 ਹਜ਼ਾਰ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਸੀ। ਇਹ ਫਿਲਮ 3 ਸਾਲ ਦੀ ਰੋਕ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਨਾਮ ਬਦਲ ਕੇ ਰਿਲੀਜ਼ ਕੀਤੀ ਗਈ ਸੀ। ਪਹਿਲਾਂ ਇਸ ਫਿਲਮ ਦਾ ਨਾਮ ‘ਪੰਜਾਬ-95’ ਸੀ, ਜਿਸ ਨੂੰ ਹੁਣ ‘ਸਤਲੁਜ’ ਨਾਮ ਨਾਲ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਕੀਤਾ ਗਿਆ ਸੀ, ਪਰ ਫਿਰ ਇਸ ਨੂੰ ਓਟੀਟੀ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਨੂੰ ਦਰਸਾਉਂਦੀ ਇਹ ਫਿਲਮ ਜਸਵੰਤ ਸਿੰਘ ਖਾਲੜਾ ਦੇ ਦਲੇਰਾਨਾ ਸੰਘਰਸ਼ ਨੂੰ ਰੂਬਰੂ ਕਰਦੀ ਹੈ।

