ਆਮਦਨ ਤੋਂ ਵੱਧ ਸੰਪੰਤੀ ਬਣਾਉਣ ਦੇ ਮਾਮਲੇ ’ਚ ਕੀਤੀ ਜਾਵੇਗੀ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਵਿਜੀਲੈਂਸ ਨੇ ਪੁਛਗਿੱਛ ਲਈ ਤਲਬ ਕੀਤਾ ਹੈ। 24 ਫਰਵਰੀ ਨੂੰ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿਚ ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਸੰਪੰਤੀ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ। ਵਿਜੀਲੈਂਸ ਬਿਊਰੋ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬ੍ਰਹਮ ਮਹਿੰਦਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ 6 ਸਾਲਾਂ ’ਚ ਆਮਦਨ ਦੇ ਸਰੋਤਾਂ ਨਾਲੋਂ ਵੱਧ ਪੈਸਾ ਖਰਚ ਕੀਤਾ ਹੈ। ਵਿਜੀਲੈਂਸ ਨੇ ਬ੍ਰਹਮ ਮਹਿੰਦਰਾ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ਸਮੇਤ ਹੋਰ ਸੰਪੰਤੀਆਂ ਦੇ ਰਿਕਾਰਡ ਦੀ ਜਾਂਚ ਕਰਨ ਦੇ ਲਈ ਵੀ ਰਾਜਸੀ ਅਧਿਕਾਰੀਆਂ ਨੂੰ ਵੀ ਪੱਤਰ ਲਿਖਿਆ ਹੈ। ਵਿਜੀਲੈਂਸ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ’ਚ ਤਾਇਨਾਤ ਇਕ ਅਧਿਕਾਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜੋ ਕਿ ਬ੍ਰਹਮ ਮਹਿੰਦਰਾ ਦੇ ਨਾਲ ਵਿਸ਼ੇਸ਼ ਕਾਰਜ ਅਧਿਕਾਰੀ ਦੇ ਰੂਪ ਵਿਚ ਕੰਮ ਕਰਦਾ ਸੀ। ਧਿਆਨ ਰਹੇ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਵਜੋਂ ਦੂਜੇ ਨੰਬਰ ’ਤੇ ਆਉਂਦੇ ਅਤੇ ਉਹ 2022 ਤੱਕ ਸਿਹਤ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਰਹੇ। ਬ੍ਰਹਮ ਮਹਿੰਦਰਾ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਰਹੇ ਕਮਲ ਨਾਥ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ।