ਕੈਪਟਨ ਸਰਕਾਰ ਤੇਲ ਕੀਮਤਾਂ ‘ਚ 10 ਰੁਪਏ ਪ੍ਰਤੀ ਲੀਟਰ ਕਟੌਤੀ ਕਰੇ : ਸੁਖਬੀਰ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ ਤੇਲ ਕੀਮਤਾਂ ਦੇ ਮੁੱਦੇ ‘ਤੇ ਪਹਿਲੀ ਵਾਰੀ ਮੈਦਾਨ ਵਿਚ ਨਿੱਤਰਦਿਆਂ ਪੰਜਾਬ ਦੀ ਕੈਪਟਨ ਸਰਕਾਰ ਤੋਂ ਡੀਜ਼ਲ ਅਤੇ ਪੈਟਰੋਲ ਉਤੇ ਕਰਾਂ ਵਿਚ ਕਟੌਤੀ ਕੀਤੇ ਜਾਣ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਸ਼ਰਤ ਲਾਈ ਕਿ ਜੇਕਰ ਕੈਪਟਨ ਸਰਕਾਰ ਕਟੌਤੀ ਕਰ ਦੇਵੇ ਤਾਂ ਮੋਦੀ ਸਰਕਾਰ ਤੋਂ ਵੀ ਉਹ ਇਸ ਬਾਰੇ ਮੰਗ ਕਰਨਗੇ। ਅਕਾਲੀ ਦਲ ਨੇ ਕੈਪਟਨ ਸਰਕਾਰ ‘ਤੇ ਕੇਂਦਰ ਤੋਂ ਗਰੀਬਾਂ ਨੂੰ ਵੰਡਣ ਲਈ ਆਏ ਰਾਸ਼ਨ ਵਿਚ ਘਪਲੇ ਦੇ ਦੋਸ਼ ਲਾਉਂਦਿਆਂ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਵੀ ਕੀਤੀ ਹੈ।
ਪਾਰਟੀ ਵੱਲੋਂ ਦੱਸਿਆ ਗਿਆ ਹੈ ਕਿ ਸੂਬੇ ਦੇ ਸ਼ਹਿਰਾਂ ਇੱਥੋਂ ਤੱਕ ਕਿ ਪਿੰਡਾਂ ਵਿਚ ਵੀ ਧਰਨੇ ਦਿੱਤੇ ਗਏ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਜ਼ਿਲ੍ਹੇ ਵਿਚ ਧਰਨੇ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸੀਆਂ, ਜਿਨ੍ਹਾਂ ਘੁਟਾਲਾ ਕੀਤਾ, ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਸਰਕਾਰ ਤੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦੀ ਮੰਗ ਕਰਦਿਆਂ ਸ਼ਰਤ ਲਾਈ ਕਿ ਜੇਕਰ ਇਕ ਵਾਰ ਪੰਜਾਬ ਸਰਕਾਰ ਤੇਲ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰੇ ਤਾਂ ਇਸ ਮਗਰੋਂ ਉਹ ਕੇਂਦਰ ਨੂੰ ਵੀ ਅਜਿਹਾ ਹੀ ਕਰਨ ਵਾਸਤੇ ਆਖਣਗੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਕੋਈ ਵੀ ਵਿਦਿਆਰਥੀ ਇਸ ਲਈ ਨਿਸ਼ਾਨਾ ਨਾ ਬਣਾਇਆ ਜਾਵੇ ਕਿਉਂਕਿ ਉਸ ਦੇ ਮਾਪੇ ਕਰੋਨਾ ਸੰਕਟ ਕਾਰਨ ਆਮਦਨ ਵਿੱਚ ਕਟੌਤੀ ਕਾਰਨ ਫੀਸਾਂ ਭਰਨ ਵਿਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਅਜਿਹੇ ਵਿਦਿਆਰਥੀਆਂ ਦੀ ਛੇ ਮਹੀਨੇ ਦੀ ਫੀਸ ਪੇਸ਼ਗੀ ਅਦਾ ਕਰ ਕੇ ਇਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਮੁਆਵਜ਼ਾ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਕਾਂਗਰਸ ਸਰਕਾਰ ਨੂੰ ਤੇਲ ਕੀਮਤਾਂ ਅਤੇ ਬਿਜਲੀ ਦਰਾਂ ਤੇ ਹੋਰ ਟੈਕਸਾਂ ਵਿਚ ਵਾਧੇ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ। ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸੀਆਂ ਨੇ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, 4 ਹਜ਼ਾਰ ਕਰੋੜ ਰੁਪਏ ਦੇ ਬੀਜ ਘੁਟਾਲੇ ਅਤੇ ਹੁਣ ਤਾਜ਼ਾ ਬੀਮਾ ਘੁਟਾਲੇ ਸਮੇਤ ਲੜੀਵਾਰ ਘੁਟਾਲਿਆਂ ਰਾਹੀਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …