
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਭਲਕੇ 1 ਜੁਲਾਈ ਤੋਂ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਤੇ ਲਗਾਈ ਪਾਬੰਦੀ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਤੇਲ ਕੰਪਨੀਆਂ ਨੂੰ ਪੱਤਰ ਲਿਖ ਕੇ ਪੈਟਰੋਲ ਪੰਪਾਂ ’ਤੇ ਤੇਲ ਦੀ ਵਿਕਰੀ ਸਬੰਧੀ ਲਗਾਈ ਅਸਥਾਈ ਪਾਬੰਦੀ ਨੂੰ ਵਾਪਸ ਲੈਣ ਦੇ ਫੈਸਲੇ ਤੋਂ ਜਾਣੂ ਕਰਾਇਆ ਹੈ। ਕੇਂਦਰ ਸਰਕਾਰ ਨੇ 12 ਜੂਨ ਨੂੰ ਤੇਲ ਦੀ ਗਲੋਬਲ ਸਪਲਾਈ ’ਚ ਦਿੱਕਤਾਂ ਆਉਣ ਕਰਕੇ ਤੇਲ ਦੀ ਕਿੱਲਤ ਰੋਕਣ ਲਈ ਅਸਥਾਈ ਪਾਬੰਦੀਆਂ ਲਾਈਆਂ ਸਨ। ਭਾਰਤ ਸਰਕਾਰ ਨੇ ਵਾਹਨਾਂ ਲਈ ਡੀਜ਼ਲ ਦੀ ਵਿਕਰੀ ਲਈ 200 ਲੀਟਰ ਦੀ ਰੋਜ਼ਾਨਾ ਦੀ ਸੀਮਾ ਪ੍ਰਤੀ ਗ੍ਰਾਹਕ ਤੇਲ ਪੰਪਾਂ ’ਤੇ ਲਗਾਈ ਸੀ ਤਾਂ ਕਿ ਤੇਲ ਦੀ ਜਮ੍ਹਾਖ਼ੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ। ਹੁਣ ਮੁਲਕ ’ਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੇਂਦਰ ਸਰਕਾਰ ਨੇ ਤੇਲ ਦੀ ਵਿਕਰੀ ’ਤੇ ਲਾਈ ਸੀਮਾ ਹਟਾ ਲਈ ਹੈ। ਦੱਸਣਯੋਗ ਹੈ ਕਿ ਤੇਲ ਦੀ ਵਿਕਰੀ ’ਤੇ ਲਗਾਈ ਸੀਮਾ ਕਰਕੇ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਇਹ ਸੀਮਾ ਹਟਾਏ ਜਾਣ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ।

