
ਹੋਰਮੁਜ਼ ਜਲਡਮਰੂ ਮਾਮਲੇ ’ਤੇ ਭਲਕੇ ਕਤਰ ’ਚ ਹੋਵੇਗੀ ਅਹਿਮ ਬੈਠਕ
ਨਵੀਂ ਦਿੱਲੀ/ਬਿਊਰੋ ਨਿਊਜ਼
ਖਾੜੀ ਖੇਤਰ ਵਿਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਖੂਨੀ ਟਕਰਾਅ ਦਰਮਿਆਨ ਇਕ ਵੱਡੀ ਰਾਹਤ ਦੀ ਖਬਰ ਆਈ ਹੈ। ਅਮਰੀਕਾ ਅਤੇ ਇਰਾਨ ਖਾੜੀ ਖੇਤਰ ਵਿਚ ਇਕ-ਦੂਜੇ ਖਿਲਾਫ ਕੀਤੇ ਜਾ ਰਹੇ ਹਮਲਿਆਂ ਨੂੰ ਤੁਰੰਤ ਰੋਕਣ ਅਤੇ ਹੋਰਮੁਜ਼ ਜਲਡਮਰੂ ਦੇ ਵਿਵਾਦ ਨੂੰ ਸੁਲਝਾਉਣ ਲਈ ਮੁੜ ਡਿਪਲੋਮੈਟਿਕ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਹਨ। ਇਕ ਅਮਰੀਕੀ ਅਧਿਕਾਰੀ ਵਲੋਂ ਦਿੱਤੀ ਗਈ ਇਸ ਜਾਣਕਾਰੀ ਨਾਲ ਦੋਵਾਂ ਦੇਸ਼ਾਂ ਵਿਚਾਲੇ ਟੁੱਟਣ ਦੀ ਕਗਾਰ ’ਤੇ ਪਹੁੰਚੇ ਅੰਤਰਿਮ ਸ਼ਾਂਤੀ ਸਮਝੌਤੇ ਦੇ ਬਚਣ ਦੀਆਂ ਉਮੀਦਾਂ ਮੁੜ ਜਾਗ ਪਈਆਂ ਹਨ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਮੀਡੀਆ ਹਾਊਸ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਹੈ ਕਿ ਦੋਵੇਂ ਧਿਰਾਂ ਫਿਲਹਾਲ ਸਾਰੀਆਂ ਫੌਜੀ ਕਾਰਵਾਈਆਂ ਰੋਕਣ ’ਤੇ ਸਹਿਮਤ ਹੋ ਗਈਆਂ ਹਨ ਅਤੇ ਖੇਤਰ ਵਿਚ ਵਪਾਰਕ ਜਹਾਜ਼ਾਂ ਨੂੰ ਸੁਤੰਤਰ ਰੂਪ ਵਿਚ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਇਸ ਸਬੰਧੀ ਟੁੱਟੀ ਗੱਲਬਾਤ ਦਾ ਸਿਲਸਿਲਾ ਹੁਣ ਭਲਕੇ ਮੰਗਲਵਾਰ ਨੂੰ ਕਤਰ ਵਿਖੇ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਇਹ ਫੈਸਲਾ ਲੰਘੀ 17 ਜੂਨ ਨੂੰ ਹੋਏ 14-ਨੁਕਾਤੀ ਮੰਗ ਪੱਤਰ ਦੇ ਤਹਿਤ ਲਿਆ ਗਿਆ ਹੈ, ਜਿਸਦਾ ਮਕਸਦ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਆਵਾਜਾਈ ਲਈ ਮੁੜ ਖੋਲ੍ਹਣਾ ਹੈ।

