
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਸਿਆਸੀ ਚੰਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ’ਤੇ ਵੱਡਾ ਇਲਜ਼ਾਮ ਲਗਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ‘ਈਡੀ ਪਾਰਟੀ’ ਵਪਾਰੀਆਂ ਨੂੰ ਚੰਦਾ ਦੇਣ ਲਈ ਡਰਾ ਰਹੀ ਹੈ ਅਤੇ ਵਪਾਰੀਆਂ ਕੋਲੋਂ ਚੰਦੇ ਦੇ ਨਾਮ ’ਤੇ ਵਸੂਲੀ ਹੋ ਰਹੀ ਹੈ। ਉਧਰ ਦੂਜੇ ਪਾਸੇ ਕੇਜਰੀਵਾਲ ਦੇ ਬਿਆਨ ’ਤੇ ਭਾਜਪਾ ਨੇ ਵੀ ਪਲਟਵਾਰ ਕੀਤਾ ਹੈ। ਭਾਜਪਾ ਦਾ ਕਹਿਣਾ ਹੈ ਕਿ ਵਪਾਰੀਆਂ ਨੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਚੰਦਾ ਨਾ ਦੇ ਕੇ ਸਾਫ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਖੁਸ਼ ਨਹੀਂ ਹਨ ਅਤੇ ਹੁਣ ਉਨ੍ਹਾਂ ਦੀ ਪੰਜਾਬ ਵਿਚੋਂ ਛੁੱਟੀ ਯਕੀਨੀ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ‘ਐਕਸ’ ਉਤੇ ਪੋਸਟ ਪਾ ਕੇ ਕਿਹਾ ਸੀ ਕਿ ਈਡੀ ਪਾਰਟੀ ਨੂੰ ਪੰਜਾਬ ਵਿਚ 60 ਕਰੋੜ ਦਾ ਚੰਦਾ ਮਿਲਿਆ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 70 ਲੱਖ ਰੁਪਏ ਮਿਲੇ ਹਨ। ਕੇਜਰੀਵਾਲ ਨੇ ਈਡੀ ਪਾਰਟੀ ’ਤੇ ਪੰਜਾਬ ਦੇ ਵਪਾਰੀਆਂ ਕੋਲੋਂ ਕਰੋੜਾਂ ਰੁਪਏ ਦੀ ਗੈਰਕਾਨੂੰਨੀ ਵਸੂਲੀ ਦਾ ਸਨਸਨੀਖੇਜ਼ ਇਲਜ਼ਾਮ ਲਗਾਇਆ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿਚ ‘ਈਡੀ ਪਾਰਟੀ’ ਦੇ ਸਿਰਫ ਦੋ ਵਿਧਾਇਕ ਹਨ। ਕੇਜਰੀਵਾਲ ਦਾ ਸਿੱਧਾ ਨਿਸ਼ਾਨਾ ਭਾਜਪਾ ’ਤੇ ਹੈ।

