
ਅਹਿਮਦਾਬਾਦ : ਰੌਇਲ ਚੈਲੈਂਜਰਜ਼ ਬੰਗਲੂਰੂ ਵੱਲੋਂ ਲਗਾਤਾਰ ਦੂਜੀ ਵਾਰ ਆਈ ਪੀ ਐੱਲ ਖ਼ਿਤਾਬ ਜਿੱਤਣ ਮਗਰੋਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਉਹ ਪਲ ਹੈ ਜਿਸ ਦਾ ਉਹ ਅਕਸਰ ਸੁਪਨਾ ਦੇਖਦਾ ਸੀ। ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਨਾਬਾਦ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਵਾਲੇ ਕੋਹਲੀ ਨੇ ਦੱਸਿਆ ਕਿ ਉਸ ਨੇ ਕਈ ਵਾਰ ਖ਼ੁਦ ਜੇਤੂ ਦੌੜ ਬਣਾਉਣ ਦਾ ਸੁਪਨਾ ਦੇਖਿਆ ਸੀ, ਜੋ ਹੁਣ ਹਕੀਕਤ ਵਿੱਚ ਬਦਲ ਗਿਆ ਹੈ। ਉਸ ਮੁਤਾਬਕ ਟੀਮ ਦੇ ਨੌਜਵਾਨ ਖਿਡਾਰੀਆਂ ਨੇ ਉਸ ਨੂੰ ਆਪਣੀ ਖੇਡ ਮਾਨਸਿਕਤਾ ਬਦਲਣ ਅਤੇ ਹਮਲਾਵਰ ਰੁਖ਼ ਅਪਣਾਉਣ ਲਈ ਪ੍ਰੇਰਿਤ ਕੀਤਾ। ਕਪਤਾਨ ਰਜਤ ਪਾਟੀਦਾਰ ਨੇ ਜਿੱਤ ਮਗਰੋਂ ਪਿਛਲੇ ਸਾਲ ਜਾਨ ਗੁਆਉਣ ਵਾਲੇ ਪ੍ਰਸ਼ੰਸਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਾਟੀਦਾਰ ਨੇ ਲਗਾਤਾਰ ਦੂਜੇ ਖ਼ਿਤਾਬ ਦਾ ਸਿਹਰਾ ਮੁੱਖ ਕੋਚ ਐਂਡੀ ਫਲਾਵਰ ਸਿਰ ਬੰਨ੍ਹਦਿਆਂ ਕਿਹਾ ਕਿ ਉਸ ਨੇ ਤਜਰਬੇਕਾਰ ਭੁਵਨੇਸ਼ਵਰ ਕੁਮਾਰ ਅਤੇ ਨੌਜਵਾਨ ਗੇਂਦਬਾਜ਼ ਰਸਿਖ ਦਾਰ ਵਰਗੇ ਖਿਡਾਰੀਆਂ ਨੂੰ ਬਰਾਬਰ ਮੌਕੇ ਦੇ ਕੇ ਟੀਮ ਦਾ ਮਾਹੌਲ ਬਦਲਿਆ। ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਗੁਜਰਾਤ ਨੂੰ ਇੱਕਪਾਸੜ ਮੁਕਾਬਲੇ ਵਿੱਚ ਹਰਾਉਣ ਪਿੱਛੋਂ ਬੰਗਲੂਰੂ ਦੀਆਂ ਸੜਕਾਂ ’ਤੇ ਪ੍ਰਸ਼ੰਸਕਾਂ ਨੇ ਦੇਰ ਰਾਤ ਤੱਕ ਜਸ਼ਨ ਮਨਾਇਆ। ਪਿਛਲੇ ਸਾਲ ਖ਼ਿਤਾਬੀ ਜਿੱਤ ਦੌਰਾਨ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਪੁਲੀਸ ਨੇ ਇਸ ਵਾਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ। ਦੂਜੇ ਪਾਸੇ, ਕੋਹਲੀ ਦੇ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੇ ਇਸ ਪਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨਾਂ ਲਈ ਸਬਕ ਹੈ ਕਿ ਟੀ-20 ਵਿੱਚ ਸਿਰਫ਼ ਤਾਬੜਤੋੜ ਬੱਲੇਬਾਜ਼ੀ ਹੀ ਨਹੀਂ, ਸਗੋਂ ਵਧੀਆ ਤਕਨੀਕ ਅਤੇ ਮਾਨਸਿਕ ਸੰਤੁਲਨ ਵੀ ਬੇਹੱਦ ਜ਼ਰੂਰੀ ਹੈ।

