ਸ਼ਾਦਮਾਨ ਚੌਕ ਨੂੰ ਭਗਤ ਸਿੰਘ ਦੇ ਨਾਮ ਕਰਨ ਦੀ ਜੰਗ ਰੁਕੀ ਨਹੀਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਲਾਹੌਰ ਦਾ ਸ਼ਾਦਮਾਨ ਚੌਕ, ਜਿੱਥੇ ਕਦੇ ਜੇਲ੍ਹ ਹੁੰਦੀ ਸੀ ਅਤੇ ਉਸੇ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਬਰਤਾਨਵੀ ਹਕੂਮਤ ਨੇ ਫਾਂਸੀ ਦਿੱਤੀ ਸੀ, ਉਹ ਸਾਡੇ ਲਈ ਓਨੀ ਹੀ ਪਾਕ ਅਤੇ ਅਹਿਮ ਹੈ ਜਿੰਨੀ ਹਿੰਦੋਸਤਾਨੀਆਂ ਦੇ ਲਈ। ਉਨ੍ਹਾਂ ਦੀਆਂ ਯਾਦਾਂ ਨੂੰ ਤਾਜਾ ਰੱਖਣ ਦੇ ਲਈ ਲਾਹੌਰ ਦੇ ਸ਼ਾਦਮਾਨ ਚੌਕ ਨੂੰ ਉਨ੍ਹਾਂ ਦੇ ਨਾਮ ਕੀਤਾ ਜਾਣਾ ਤਹਿ ਹੈ। ਹਾਲਾਂਕਿ ਕੁੱਝ ਕੱਟੜਪੰਥੀ ਸੰਗਠਨਾਂ ਨੇ ਇਸ ‘ਚ ਰੁਕਾਵਟ ਪੈਦਾ ਕੀਤੀ ਹੈ, ਪ੍ਰੰਤੂ ਇਹ ਜ਼ਿਆਦਾ ਦਿਨ ਤੱਕ ਨਹੀਂ ਚੱਲਣ ਵਾਲਾ ਕਿਉਂਕਿ ਉਥੋਂ ਦੀ ਜਨਤਾ ਹੌਲੀ-ਹੌਲੀ ਇਸ ਨੂੰ ਲੈ ਕੇ ਜਾਗ ਰਹੀ ਹੈ। ਇਹ ਕਹਿਣਾ ਹੈ ਪਾਕਿਸਤਾਨੀ ਰੰਗਕਰਮੀ ਮਦੀਹਾ ਗੌਰ ਦਾ, ਜੋ ਆਪਣੀ ਟੀਮ ਦੇ ਜਰੀਏ ਪਾਕਿਸਤਾਨ ‘ਚ ਭਗਤ ਸਿੰਘ ‘ਤੇ ਪਹਿਲੀ ਵਾਰ ਨਾਟਕ ਕਰ ਰਹੀ ਹੈ।
ਅੰਮ੍ਰਿਤਸਰ, ਜਲੰਧਰ ਅਤੇ ਚੰਡੀਗੜ੍ਹ ‘ਚ ਸ਼ਹੀਦ ਭਗਤ ਸਿੰਘ ‘ਤੇ ਤਿਆਰ ਨਾਟਕ ‘ਮੇਰਾ ਰੰਗ ਦੇ ਬਸੰਤੀ ਚੋਲਾ’ ਨੂੰ ਆਪਣੇ ਥੀਏਟਰ ਗਰੁੱਪ ‘ਆਜੋਕਾ’ ਦੇ ਰਾਹੀਂ ਪੇਸ਼ ਕਰਨ ਪਹੁੰਚੀ ਮਦੀਹਾ ਨੇ ਕਿਹਾ, ਉਨ੍ਹਾਂ ਦੇ ਨਾਟਕ ਦਾ ਅਸਰ ਇੰਨਾ ਤਾਂ ਜ਼ਰੂਰ ਹੁੰਦਾ ਹੈ ਕਿ ਹੁਣ ਉਥੇ ਦਾ ਆਮ ਪਾਕਿਸਤਾਨੀ ਇਹ ਮਹਿਸੂਸ ਕਰਨ ਲੱਗਿਆ ਹੈ ਕਿ ਭਗਤ ਸਿੰਘ ਹੀ ਨਹੀਂ ਬਲਕਿ ਆਜ਼ਾਦੀ ਦੀ ਲੜਾਈ ‘ਚ ਹਿੱਸਾ ਲੈਣ ਵਾਲਾ ਹਰੇਕ ਇਨਸਾਨ ਦੋਵੇਂ ਮੁਲਕਾਂ ਦੀ ਸਾਂਝੀ ਵਿਰਾਸਤ ਹੈ ਅਤੇ ਉਸ ਨੂੰ ਯਾਦ ਰੱਖਣਾ ਦੋਵੇਂ ਪਾਸੇ ਦੇ ਲੋਕਾਂ ਦਾ ਫਰਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਦਮਾਨ ਚੌਕ, ਜਿੱਥੇ ਜੇਲ੍ਹ ਸੀ ਅਤੇ ਭਗਤ ਸਿੰਘ ਨੂੰ ਉਸ ‘ਚ ਫਾਂਸੀ ਦਿੱਤੀ ਗਈ ਸੀ, ਸਾਡੇ ਲਈ ਹੋਰ ਵੀ ਪਾਕ ਵਿਰਾਸਤ ਹੈ।
ਚੌਕ ਦੀ ਜਗ੍ਹਾ ਜੇਲ੍ਹ ਸੀ, ਜਿੱਥੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ
ਸ਼ਾਦਮਾਨ ਚੌਕ ਇਲਾਕਾ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਛਾਵਨੀ ਹੋਇਆ ਕਰਦੀ ਸੀ। ਫਿਰ ਜੇਲ੍ਹ ਬਣੀ। ਇਥੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਅੰਗਰੇਜ਼ ਜਾਂਦੇ-ਜਾਂਦੇ ਇਸ ਨੂੰ ਚੌਕ ਬਣਾ ਗਏ, 2013 ‘ਚ ਪਾਕਿਸਤਾਨ ਦੀ ਸਿਵਲ ਸੁਸਾਇਟੀ ਨੇ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ‘ਤੇ ਕਰਨ ਦੀ ਪਹਿਲ ਕੀਤੀ ਅਤੇ ਉਥੇ ਲੋਕਾਂ ਨੇ ਇਕੱਠੇ ਹੋ ਕੇ ਸ਼ਰਧਾਂਜਲੀ ਵੀ ਦਿੱਤੀ ਪ੍ਰੰਤੂ ਇਸ ਤੋਂ ਬਾਅਦ ਕੁੱਝ ਕੱਟੜਪੰਥੀ ਸੰਗਠਨ ਕੋਰਟ ‘ਚ ਚਲੇ ਗਏ। ਜੋ ਅਜੇ ਤੱਕ ਮਾਮਲਾ ਲਟਕਿਆ ਹੋਇਆ ਹੈ। ਮਦੀਹਾ ਨੇ ਕਿਹਾ ਕਿ ਭਲੇ ਹੀ ਦੋਵੇਂ ਮੁਲਕਾਂ ਦੇ ਰਿਸ਼ਤੇ ਚੰਗੇ ਨਹੀਂ ਹਨ ਪ੍ਰੰਤੂ ਇੰਨਾ ਤਹਿ ਹੈ ਕਿ ਹੁਣ ਲੋਕ ਭਗਤ ਸਿੰਘ ਨੂੰ ਲੈ ਕੇ ਕਾਫ਼ੀ ਗੰਭੀਰ ਹਨ। ਉਨ੍ਹਾਂ ਦੇ ਨਾਟਕਾਂ ਨੇ ਲੋਕਾਂ ‘ਚ ਕਿਤੇ ਨਾ ਕਿਤੇ ਅਸਰ ਛੱਡਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਖੁਦ ਲੋਕ ਇਸ ਚੌਕ ਦਾ ਨੀਂਹ ਪੱਥਰ ਰੱਖਣ ਲਈ ਅੱਗੇ ਆਉਣਗੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …