
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਦੇ ਪੂਰਬ ਵਿਚ ਕਾਮਚਟਕਾ ਪਰਾਦੀਪ ਨੇੜੇ 8.8 ਦੀ ਗਤੀ ਵਾਲੇ ਆਏ ਭੂਚਾਲ ਕਾਰਨ ਉਤਰੀ ਖੇਤਰ ਵਿਚ ਚਾਰ-ਚਾਰ ਫੁੱਟ ਉਚੀਆਂ ਸੁਨਾਮੀ ਲਹਿਰਾਂ ਆਈਆਂ। ਜਿਸ ਮਗਰੋਂ ਅਮਰੀਕਾ ਦੇ ਅਲਾਸਕਾ, ਜਪਾਨ ਅਤੇ ਨਿਊਜ਼ੀਲੈਂਡ ਦੇ ਦੱਖਣ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ। ਜਪਾਨ ਨੇ ਇਹਤਿਆਤ ਵਜੋਂ ਫੁਕੂਸੀਮਾ ਵਿਚਲੇ ਪ੍ਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ ਹੈ। ਭੂਚਾਲ ਦਾ ਕੇਂਦਰ ਸਮੁੰਦਰ ਵਿਚ 19 ਕਿਲੋਮੀਟਰ ਦੀ ਡੂੰਘਾਈ ’ਚ ਦੱਸਿਆ ਜਾ ਰਿਹਾ ਹੈ। ਰੂਸ ’ਚ ਆਏ ਭੂਚਾਲ ਤੋਂ ਬਾਅਦ 70 ਫੀਸਦੀ ਦੁਨੀਆ ਵਿਚ ਅਲਰਟ ਚੱਲ ਰਿਹਾ ਹੈ। ਜਪਾਨ ਤੋਂ ਲੈ ਕੇ ਅਮਰੀਕਾ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕ ਘਰ ਛੱਡ ਕੇ ਉਚੀਆਂ ਥਾਵਾਂ ਵੱਲ ਜਾ ਰਹੇ ਹਨ। ਰੂਸ ’ਚ ਆਇਆ ਭੂਚਾਲ ਮਾਰਚ 2011 ਦੇ ਭੂਚਾਲ ਤੋਂ ਬਾਅਦ ਦੁਨੀਆ ਵਿਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਜਾਪਦਾ ਹੈ। ਮਾਰਚ 2011 ਵਿਚ ਉਤਰ-ਪੂਰਬੀ ਜਪਾਨ ਵਿਚ ਆਏ ਭੂੁਚਾਲ ਦੀ ਗਤੀ 9.0 ਸੀ ਅਤੇ ਇਸ ਨਾਲ ਵੱਡੀ ਸੁਨਾਮੀ ਆਈ, ਜਿਸ ਨੇ ਫੁਕੂਸ਼ੀਮਾ ਦਾਇਚੀ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ।

