ਸਾਂਪਲਾ ਨੇ ਦਿੱਤਾ ਭਰੋਸਾ, ਕਿਹਾ ਕੇਂਦਰ ਸਰਕਾਰ ਕਾਲੀ ਸੂਚੀ ‘ਤੇ ਮੁੜ ਵਿਚਾਰ ਕਰੇਗੀ
ਜਲੰਧਰ : ਇੰਗਲੈਂਡ ਦੇ ਸ਼ਹਿਰ ਸਾਊਥਾਲ ਤੋਂ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਨੇ ਸਟੱਡੀ ਵੀਜ਼ਾ ਦੇ ਨਿਯਮਾਂ ਵਿਚ ਨਰਮੀ ਵਰਤਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿਚ ਰਹਿੰਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਜੇਕਰ ਪੰਜਾਬ ਨਾਲ ਜੋੜ ਕੇ ਰੱਖਣਾ ਹੈ ਤਾਂ ਇਧਰੋਂ ਨਵੀਂ ਪੀੜ੍ਹੀ ਦਾ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀਆਂ ਦਾ ਪਰਵਾਸ ਬੰਦ ਹੋ ਗਿਆ ਤਾਂ ਵੈਸਟ ਇੰਡੀਜ਼ ਵਾਂਗ ਹੀ ਇੰਗਲੈਂਡ ਵਿਚ ਪਰਵਾਸੀ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਦਾ ਆਪਣੇ ਵਤਨ ਨਾਲੋਂ ਨਾਤਾ ਟੁੱਟ ਜਾਵੇਗਾ। ਸਥਾਨਕ ਸਰਕਟ ਹਾਊਸ ਵਿਚ ઠਕੇਂਦਰੀ ਮੰਤਰੀ ਵਿਜੇ ਸਾਂਪਲਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਰਿੰਦਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਮਦ ਨਾਲ ਉਨ੍ਹਾਂ ਦੇ ਮੁਲਕ ਦਾ ਹੀ ਵਿਕਾਸ ਹੋਵੇਗਾ। ਸਾਕਾ ਨੀਲਾ ਤਾਰਾ ਵਿਚ ਇੰਗਲੈਂਡ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਸਰਕਾਰ ਕੋਲੋਂ ਇਸ ਸਬੰਧੀ ਦਸਤਾਵੇਜ਼ ਜਨਤਕ ਕਰਨ ਦੀ ਮੰਗ ਕਰ ਚੁੱਕੇ ਹਨ ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਸਿੱਖਾਂ ਦੀ ਕਾਲੀ ਸੂਚੀ ‘ਤੇ ਮੁੜ ਵਿਚਾਰ ਕਰਨ ਦੀ ਮੰਗ ਉਠਾਈ ਜਿਸ ਦੇ ਜਵਾਬ ਵਿਚ ਨਾਲ ਬੈਠੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਕਾਲੀ ਸੂਚੀ ਦੀ ਪਹਿਲਾਂ ਇਕ ਵਾਰ ਛਾਂਟੀ ਕਰ ਚੁੱਕੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ‘ਤੇ ਮੁੜ ਵਿਚਾਰ ਕੀਤਾ ਜਾਵੇਗਾ।