
ਜਨਤਕ ਛੁੱਟੀਆਂ ਦੌਰਾਨ ਵੀ ਫ਼ੋਨ ਰੱਖਣੇ ਹੋਣਗੇ ਖੁੱਲ੍ਹੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਮੋਬਾਈਲ ਫੋਨਾਂ ’ਤੇ ਹਰ ਵੇਲੇ ਉਪਲਬਧ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਪਰਸੋਨਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਅਧੀਨ ਸਕੱਤਰ ਅਤੇ ਉਸ ਤੋਂ ਉੱਚੇ ਦਰਜੇ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮਾਤਹਿਤ ਕੋਈ ਵੀ ਕਰਮਚਾਰੀ ਦਫਤਰ ਦੇ ਸਮੇਂ ਤੋਂ ਬਾਅਦ ਆਪਣਾ ਫੋਨ ਬੰਦ ਨਾ ਕਰੇ। ਲੋਕ ਤੇ ਪ੍ਰਸ਼ਾਸਕੀ ਕਾਰਜਾਂ ਦੀਆਂ ਜ਼ਰੂਰਤਾਂ ਕਰਕੇ ਅਫ਼ਸਰਾਂ ਨੂੰ ਆਪਣੇ ਫੋਨਾਂ ’ਤੇ ਉਪਲਬਧ ਰਹਿਣ ਲਈ ਕਿਹਾ ਗਿਆ ਹੈ। ਜਨਤਕ ਛੁੱਟੀਆਂ ਦੌਰਾਨ ਵੀ ਫ਼ੋਨ ਖੁੱਲ੍ਹੇ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕਈ ਵਾਰ ਪ੍ਰਸ਼ਾਸਕੀ ਕੰਮ ਤੁਰੰਤ ਨਿਬੇੜਨੇ ਪੈਂਦੇ ਹਨ, ਜਿਸ ਕਰਕੇ ਅਧਿਕਾਰੀਆਂ ਦੀ ਉਪਲਬਧਤਾ ਜ਼ਰੂਰੀ ਹੋ ਜਾਂਦੀ ਹੈ।