ਮੁਹਾਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਲੜਨ ਦੀਆਂ ਚਰਚਾਵਾਂ ਦੌਰਾਨ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਰਵਾਸੀ ਮਜ਼ਦੂਰਾਂ ਪ੍ਰਤੀ ਰੁਖ ਹੁਣ ਬਦਲ ਗਿਆ ਹੈ। ਇਸਦੇ ਚੱਲਦਿਆਂ ਚਰਨਜੀਤ ਸਿੰਘ ਚੰਨੀ ਵਲੋਂ ਪਰਵਾਸੀ ਮਜ਼ਦੂਰਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਧਿਆਨ ਰਹੇ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚੰਨੀ ਦੇ ਉਸ ਬਿਆਨ ’ਤੇ ਬਵਾਲ ਮਚ ਗਿਆ ਹੈ, ਜਿਸ ਵਿਚ ਚੰਨੀ ਨੇ ਕਿਹਾ ਸੀ ਕਿ ਉਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਭਈਆਂ ਨੂੰ ਪੰਜਾਬ ਵਿਚ ਨਹੀਂ ਵੜਨ ਦਿਆਂਗੇ। ਚੰਨੀ ਨੇ ਇਹ ਬਿਆਨ ਪਿ੍ਰਅੰਕਾ ਗਾਂਧੀ ਦੀ ਹਾਜ਼ਰੀ ਵਿਚ ਦਿੱਤਾ ਸੀ। ਇਸ ਵਾਰ ਚੰਨੀ ਦਾ ਰੁਖ ਬਦਲ ਗਿਆ ਹੈ ਅਤੇ ਉਹ ਪਰਵਾਸੀ ਮਜ਼ਦੂਰਾਂ ਨਾਲ ਭੋਜਪੁਰੀ ਗੀਤਾਂ ’ਤੇ ਝੂਮਦੇ ਵੀ ਦੇਖੇ ਗਏ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਜਲੰਧਰ ਰਾਖਵੇਂ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾ ਸਕਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਚੰਨੀ ਨੇ ਦੋ ਹਲਕਿਆਂ ਤੋਂ ਚੋਣ ਲੜੀ ਸੀ ਅਤੇ ਦੋਵਾਂ ਹਲਕਿਆਂ ਤੋਂ ਬੁਰੀ ਤਰ੍ਹਾਂ ਹਾਰ ਗਏ ਸਨ।