ਦਿੱਲੀ ਦੀ ਖਰਾਬ ਕਾਨੂੰਨ ਵਿਵਸਥਾ ਲਈ ਅਮਿਤ ਸ਼ਾਹ ਜ਼ਿੰਮੇਵਾਰ : ਕੇਜਰੀਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਆਪਣੇ ਦਮ ’ਤੇ ਲੜੇਗੀ। ਇਸੇ ਦੌਰਾਨ ਕੇਜਰੀਵਾਲ ਨੇ ਦਿੱਲੀ ਦੀ ਖਰਾਬ ਕਾਨੂੰਨ ਵਿਵਸਥਾ ਲਈ ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਦੱਸਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ। ਯਾਨੀ ਕਿ ਅਗਲੇ ਸਾਲ ਜਨਵਰੀ ਵਿਚ ਕਿਸੇ ਵੀ ਸਮੇਂ ਵਿਧਾਨ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸਦੇ ਚੱਲਦਿਆਂ ਫਰਵਰੀ ਵਿਚ ਚੋਣਾਂ ਹੋਣਗੀਆਂ ਅਤੇ ਨਵੀਂ ਸਰਕਾਰ ਦਾ ਗਠਨ ਹੋ ਜਾਵੇਗਾ। ਧਿਆਨ ਰਹੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਅਤੇ ਕਾਂਗਰਸ ਵਿਰੋਧੀ ਗਠਜੋੜ ‘ਇੰਡੀਆ’ ਦਾ ਹਿੱਸਾ ਸਨ ਅਤੇ ਦਿੱਲੀ ਵਿਚ ਲੋਕ ਸਭਾ ਚੋਣਾਂ ਵੀ ਇਨ੍ਹਾਂ ਦੋਵਾਂ ਨੇ ਮਿਲ ਕੇ ਲੜੀਆਂ ਸਨ। ਹਾਲਾਂਕਿ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਦਿੱਲੀ ਵਿਚ ਲੋਕ ਸਭਾ ਦੀ ਕੋਈ ਵੀ ਸੀਟ ਨਹੀਂ ਮਿਲੀ ਸੀ।