Breaking News
Home / ਪੰਜਾਬ / ਕਾਂਗਰਸ ਦੇ ਦਾਅਵੇ ਤੇ ਵਾਅਦੇ ਵੀ ਨਾ ਰੋਕ ਸਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ

ਕਾਂਗਰਸ ਦੇ ਦਾਅਵੇ ਤੇ ਵਾਅਦੇ ਵੀ ਨਾ ਰੋਕ ਸਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ

ਬਰਨਾਲਾ : ਪੰਜਾਬ ਵਿਚ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਆਤਮ ਹੱਤਿਆ ਦਾ ਰੁਝਾਨ ਸਰਕਾਰ ਬਦਲਣ ਦੇ ਬਾਵਜੂਦ ਵਧਦਾ ਜਾ ਰਿਹਾ ਹੈ। ਕਿਸਾਨ-ਮਜ਼ਦੂਰ ਹਰ ਦਿਨ ਆਤਮ ਹੱਤਿਆ ਕਰ ਰਹੇ ਹਨ। ਆਮਦਨ ‘ਚ ਖੜੋਤ ਹੈ ਤੇ ਘਰੇਲੂ ਖਰਚਾ ਵਧ ਰਿਹਾ ਹੈ, ਜਿਸ ਕਾਰਨ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਕੁਝ ਕੇਸਾਂ ‘ਚ ਘਰੇਲੂ ਕਲੇਸ਼ ਤੇ ਵਧਦੀਆਂ ਜ਼ਰੂਰਤਾਂ ਵੀ ਆਤਮ ਹੱਤਿਆ ਦੇ ਕਾਰਨ ਹਨ। ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਰੁਝਾਨ ਰੁਕ ਨਹੀਂ ਰਿਹਾ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਕਰਜ਼ਾ ਮੁਆਫ ਕਰਕੇ ਖੁਦਕੁਸ਼ੀ ਕਰਦੇ ਕਿਸਾਨਾਂ ਦੀ ਬਾਂਹ ਫੜੇ।
ਲੋਕ ਸੂਚਨਾ ਅਫਸਰ ਕਮ ਸੁਪਰਡੈਂਟ ਮਾਲ ਵਿਭਾਗ ਮੈਡਮ ਗੁਰਸ਼ਰਨ ਕੌਰ ਨੇ ਆਪਣੇ ਪੱਤਰ ਨੰਬਰ 7951 ਵਿਚ 5 ਮਈ 2017 ਨੂੰ ਆਰਟੀਆਈ ਕਾਰਕੁੰਨ ਸਤਪਾਲ ਗੋਇਲ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਲੰਘੇ ਤਿੰਨ ਵਰ੍ਹਿਆਂ ਵਿਚ ਪੰਜਾਬ ਅੰਦਰ ਕੁੱਲ 279 ਖੁਦਕੁਸ਼ੀ ਮਾਮਲਿਆਂ ‘ਚ ਸੂਬਾ ਸਰਕਾਰ ਨੇ 717 ਲੱਖ ਰੁਪਏ ਜਾਰੀ ਕੀਤੇ ਹਨ। ਇਹ ਤੱਥ 2014, 2015 ਅਤੇ 2016 ਦੇ ਹਨ। ਆਤਮ ਹੱਤਿਆ ਦੇ ਕੇਸਾਂ ਵਿਚ ਐਫਆਈਆਰ, ਡੀਡੀਆਰ ਜਾਂ 174, 176 ਸੀਆਰਪੀਸੀ ਦੀ ਕਾਰਵਾਈ ਜਾਂ ਪੋਸਟ ਮਾਰਟਮ ਰਿਪੋਰਟ ਵਿਚ ਘੱਟੋ-ਘੱਟ ਇਕ ਲਾਜ਼ਮੀ ਹੈ। ਜੇਕਰ ਚਾਰਾਂ ਦਸਤਾਵੇਜ਼ਾਂ ਵਿਚੋਂ ਕੋਈ ਇਕ ਵੀ ਨਾ ਹੋਵੇ ਤਾਂ ਇਕ ਗਜਟਿਡ ਪੁਲਿਸ ਅਧਿਕਾਰੀ ਦੀ ਰਿਪੋਰਟ ਰਿਕਾਰਡ ‘ਤੇ ਹੋਣਾ ਲਾਜ਼ਮੀ ਹੈ ਕਿ ਇਹ ਖੁਦਕੁਸ਼ੀ ਦਾ ਕੇਸ ਹੈ। ਕਰਜ਼ੇ ਕਾਰਨ ਕੀਤੀਆਂ ਆਤਮ ਹੱਤਿਆਵਾਂ ਵਿਚ ਸ਼ਾਹੂਹਾਰ, ਆੜ੍ਹਤੀਏ ਜਾਂ ਨਿੱਜੀ ਵਿਅਕਤੀ ਤੋਂ ਪਰਨੋਟ ਰਾਹੀਂ ਲਈ ਰਕਮ ਨੂੰ ਕਰਜ਼ਾ ਮੰਨਿਆ ਜਾਵੇਗਾ ਪਰ ਇਹ ਜ਼ਰੂਰੀ ਹੋਵੇਗਾ ਕਿ ਪਰਨੋਟ ਤੇ ਮ੍ਰਿਤਕ ਵਿਅਕਤੀ ਦੇ ਹਸਤਾਖਰ ਜਾਂ ਅੰਗੂਠਾ ਹੋਵੇ। ਜੋ ਕਿ ਪਿੰਡ ਦੇ ਨੰਬਰਦਾਰ, ਤਹਿਸੀਲਦਾਰ ਜਾਂ ਐਸਡੀਐਮ ਦੀ ਹਾਜ਼ਰੀ ਵਿਚ ਤਸਦੀਕ ਕੀਤਾ ਹੋਵੇ।ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਗ੍ਰਾਂਟ ਦੇਣ ਲਈ ਜ਼ਿਲ੍ਹੇ ਅੰਦਰ ਪੰਜ ਮੈਂਬਰੀ ਕਮੇਟੀ ਹੁੰਦੀ ਹੈ। ਜਿਸ ਵਿਚ ਡਿਪਟੀ ਕਮਿਸ਼ਨਰ, ਸੀਐਮਓ, ਐਸਐਸਪੀ, ਜ਼ਿਲ੍ਹਾ ਖੇਤੀਬਾੜੀ ਅਫਸਰ, ਕਿਸਾਨਾਂ ਜਾਂ ਖੇਤ ਮਜ਼ਦੂਰਾਂ ਦਾ ਇਕ ਮੈਂਬਰ ਹੁੰਦਾ ਹੈ। ਮੁਆਵਜ਼ਾ ਲੈਣ ਦਾ ਹੱਕਦਾਰ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਤਨੀ, ਪੁੱਤਰ ਜਾਂ ਪੁੱਤਰੀਆਂ ਜੋ ਉਸਦੀ ਸੇਵਾ ਕਰਦੇ ਰਹੇ ਹੋਣ, ਪੋਤੇ-ਪੋਤੀਆਂ, ਮਾਂ-ਬਾਪ ਤੇ ਮ੍ਰਿਤਕ ਦੇ ਭੈਣ ਭਰਾਵਾਂ ਵਿਚ ਕੋਈ ਵੀ ਹੋ ਸਕਦਾ ਹੈ।
ਬਰਨਾਲਾ ‘ਚ 643 ਖੁਦਕੁਸ਼ੀ ਮਾਮਲਿਆਂ ‘ਚ 1181 ਲੱਖ ਰੁਪਏ ਹੋਏ ਜਾਰੀ
ਬਰਨਾਲਾ ਜ਼ਿਲ੍ਹੇ ਵਿਚ 2014 ਵਿਚ ਯੂਨੀਵਰਸਿਟੀ ਨੇ 2013 ਤੋਂ ਪਹਿਲਾਂ ਹੋਏ 532 ਖੁਦਕੁਸ਼ੀ ਮਾਮਲਿਆਂ ਲਈ 10 ਕਰੋੜ 64 ਲੱਖ ਰੁਪਏ ਜਾਰੀ ਕੀਤੇ ਜਿਨ੍ਹਾਂ ‘ਚੋਂ 10 ਖੁਦਕੁਸ਼ੀ ਮਾਮਲਿਆਂ ਦੇ 20 ਲੱਖ ਅਤੇ 2 ਖੁਦਕੁਸ਼ੀ ਮਾਮਲਿਆਂ ਦੇ 2 ਲੱਖ ਸਮੇਤ ਕੁੱਲ 12 ਮਾਮਲਿਆਂ ਦੇ 22 ਲੱਖ ਵਾਪਸ ਹੋ ਗਏ ਜਦਕਿ 6 ਹੋਰ ਮਾਮਲਿਆਂ ਦੇ ਪੈਸੇ ਸਰਕਾਰ ਵਲੋਂ ਜਾਰੀ ਕਰ ਦਿੱਤੇ ਗਏ। ਜ਼ਿਲ੍ਹਾ ਮਾਲ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ 49 ਖੁਦਕੁਸ਼ੀ ਮਾਮਲਿਆਂ ਲਈ ਸਰਕਾਰ ਵਲੋਂ 1 ਕਰੋੜ 17 ਲੱਖ ਦੀ ਰਾਸ਼ੀ ਹੋਰ ਜਾਰੀ ਕੀਤੀ ਗਈ ਹੈ। ਜਿਨ੍ਹਾਂ ਵਿਚ 1 ਅਪ੍ਰੈਲ 2013 ਤੋਂ ਲੈ ਕੇ 22 ਜੁਲਾਈ 2015 ਤੱਕ 30 ਖੁਦਕੁਸ਼ੀ ਮਾਮਲਿਆਂ ਨੂੰ 2 ਲੱਖ ਪ੍ਰਤੀ ਪੀੜਤ ਪਰਿਵਾਰ ਨੂੰ 60 ਲੱਖ ਅਤੇ 23 ਜੁਲਾਈ 2015 ਤੋਂ ਲੈ ਕੇ ਅੱਜ ਤੱਕ 19 ਖੁਦਕੁਸ਼ੀ ਮਾਮਲਿਆਂ ਦੇ ਪੀੜਤ ਪਰਿਵਾਰਾਂ ਨੂੰ 3 ਲੱਖ ਰੁਪਏ ਜਾਰੀ ਕਰਦਿਆਂ 57 ਲੱਖ ਰੁਪਏ ਦਿੱਤੇ ਗਏ ਹਨ।
04      ਕਿਸਾਨ ਰੋਜ਼ਾਨਾ ਕਰ ਰਹੇ ਹਨ ਖੁਦਕੁਸ਼ੀਆਂ
49    ਨੂੰ ਮੁਆਵਜ਼ਾ ਤੇ 59 ਫਾਈਲਾਂ ਨਾਮਨਜੂਰ
279      ਖੁਦਕੁਸ਼ੀ ਮਾਮਲਿਆਂ ‘ਚ ਸਰਕਾਰ ਨੇ ਤਿੰਨ ਵਰ੍ਹਿਆਂ ‘ਚ ਦਿੱਤੇ 717 ਲੱਖ
49 ਨੂੰ ਮੁਆਵਜ਼ਾ ਤੇ 59 ਫਾਈਲਾਂ ਨਾਮਨਜੂਰ
ਬਰਨਾਲਾ ਜ਼ਿਲ੍ਹੇ ਵਿਚ 1 ਅਪ੍ਰੈਲ 2014 ਤੋਂ ਲੈ ਕੇ 10 ਮਈ 2017 ਤੱਕ ਕੁੱਲ 185 ਕਿਸਾਨਾਂ ਵਲੋਂ ਖੁਦਕੁਸ਼ੀ ਕੀਤੀ ਗਈ। ਜ਼ਿਲ੍ਹਾ ਖੇਤੀਬਾੜੀ ਅਫਸਰ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਾਂਚ ਦੌਰਾਨ 108 ਖੁਦਕੁਸ਼ੀ ਮਾਮਲਿਆਂ ਦੀਆਂ ਫਾਈਲਾਂ ਦੀ ਸਿਫਾਰਸ਼ ਕੀਤੀ ਸੀ ਜਿਨ੍ਹਾਂ ਵਿਚੋਂ 49 ਕੇਸਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ।  59 ਫਾਈਲਾਂ ਕਿਸੇ ਕਾਰਨਾਂ ਕਰਕੇ ਨਾ ਮਨਜੂਰ ਕਰ ਦਿੱਤੀਆਂ ਗਈਆਂ ਹਨ।  5 ਮਈ ਅਤੇ 10 ਮਈ ਦੀ ਹੋਈ ਪ੍ਰਸ਼ਾਸਨ ਅਤੇ ਜਾਂਚ ਕਮੇਟੀ ਦੀ ਬੈਠਕ ਵਿਚ 71 ਨਵੇਂ ਖੁਦਕੁਸ਼ੀ ਮਾਮਲੇ ਵਿਚਾਰ ਅਧੀਨ ਹਨ।
ਪੰਜਾਬ ‘ਚ 4-5 ਕਿਸਾਨ ਰੋਜ਼ਾਨਾ ਕਰ ਰਹੇ ਹਨ ਖੁਦਕੁਸ਼ੀਆਂ : ਧਨੇਰ
ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਨੂੰ ਸੱਤਾ ਸੰਭਾਲਦਿਆਂ ਖੁਦਕੁਸ਼ੀਆਂ ਤੋਂ ਮੋੜਨ ਲਈ ਕਰਜ਼ਾ, ਕੁਰਕੀ ਖਤਮ ਦਾ ਵਾਅਦਾ ਕੀਤਾ ਸੀ ਜੋ ਦੂਜੀਆਂ ਸਰਕਾਰਾਂ ਵਾਂਗ ਹੀ ਲਾਰੇ ਵਾਂਗ ਜਾਪਦੈ। ਕਿਸਾਨਾਂ ਨੂੰ ਬੈਂਕ ਤੇ ਆੜ੍ਹਤੀਏ ਪਹਿਲਾਂ ਤੋਂ ਵੱਧ ਤੰਗ ਕਰ ਰਹੇ ਹਨ, ਜਿਸ ਕਾਰਨ ਰੋਜ਼ਾਨਾ 4-5 ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਬਰਨਾਲਾ ਜ਼ਿਲ੍ਹੇ ਵਿਚ ਵੀ ਇਕ ਹਫਤੇ ਦੌਰਾਨ 3 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ 3 ਵਰ੍ਹਿਆਂ ਵਿਚ ਪੰਜਾਬ ਦੇ 279 ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੈ, ਜਦਕਿ ਖੁਦਕੁਸ਼ੀ ਕਰਨ ਵਾਲੇ ਕਿਸਾਨ ਹਜ਼ਾਰਾਂ ਦੀ ਗਿਣਤੀ ਵਿਚ ਹਨ। ਧਨੇਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕੀਤਾ ਤਾਂ ਉਹ ਸਰਕਾਰ ਖਿਲਾਫ ਕਿਸਾਨਾਂ ਦੇ ਹਾਮੀ ਬਣ ਕੇ ਸੰਘਰਸ਼ ਉਲੀਕਣਗੇ।
ਪੰਜਾਬ ਦੇ ਕਿਸਾਨਾਂ ਸਿਰ 69,355 ਕਰੋੜ ਦਾ ਕਰਜ਼ਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇੰਸ ਰਿਸਰਚ ਲਈ ਕੀਤੇ ਜਨਵਰੀ 2016 ਦੇ ਸਰਵੇਖਣ ਮੁਤਾਬਕ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਉਪਰ 69,355 ਕਰੋੜ ਰੁਪਏ ਕਰਜ਼ਾ ਹੈ, ਇਸ ਵਿਚੋਂ 56,481 ਕਰੋੜ ਰੁਪਏ ਸੰਸਥਾਗਤ ਕਰਜ਼ੇ ਹਨ।
ਕਮਿਸ਼ਨ ਦੀ ਰਿਪੋਰਟ ਆਉਣ ‘ਤੇ ਹੋਵੇਗਾ ਕਰਜ਼ਾ ਮੁਆਫ : ਜਾਖੜ
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਨੇ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਕਮਿਸ਼ਨ ਬਣਾ ਦਿੱਤਾ ਹੈ। ਜੋ ਜਲਦੀ ਹੀ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਤੱਥਾਂ ਦੀ ਪੜਤਾਲ ਕਰੇਗਾ। ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਉਤੇ ਪਹਿਰਾ ਦਿੰਦਿਆਂ ਬੈਂਕਾਂ ਨੂੰ ਕਿਸਾਨਾਂ ਦੀ ਜ਼ਮੀਨ ਕੁਰਕੀ ਨਾ ਕਰਨ ਦੇ ਆਦੇਸ਼ ਛੇਤੀ ਦਿੱਤੇ ਜਾਣਗੇ। ਜਲਦੀ ਹੀ ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇਗਾ। ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਸਾਬਤ ਹੋਵੇਗੀ।

ਬੀਜੀ ਸੀ ਕਪਾਹ ਉਗ ਪਈ ਸਲਫਾਸ
ਪਿੰਡ ਰੰਘੜਿਆਲ ਵਿਚ ਲਗਾਤਾਰ ਦੋ ਦਿਨਾਂ ‘ਚ ਦੋ ਕਿਸਾਨਾਂ ਦੇ ਪਏ ਭੋਗ
ਚੰਡੀਗੜ੍ਹ/ਬਿਊਰੋ ਨਿਊਜ਼ : ਦਸਵੀਂ ਤੱਕ ਪੜ੍ਹੇ 45 ਸਾਲਾ ਬੇਅੰਤ ਸਿੰਘ ਨੂੰ ਕਿਸਾਨਾਂ ਦੀ ਇਕਜੁੱਟਤਾ ਨਾਲ ਸਮੱਸਿਆਵਾਂ ਨੂੰ ਠੱਲ੍ਹ ਦੇਣ ਦੀ ਆਸ ਸੀ ਪਰ ਭਾਰਤੀ ਕਿਸਾਨ ਯੂਨੀਅਨ ਦੇ ਧਰਨਿਆਂ ਵਿੱਚ ਜਾ ਕੇ ਵੀ ਉਸ ਦੀ ਨਾਉਮੀਦੀ ਉਮੀਦ ਵਿੱਚ ਨਾ ਬਦਲ ਸਕੀ। ਆਖਰ 4 ਮਈ 2017 ਨੂੰ ਖ਼ੁਦਕੁਸ਼ੀਆਂ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਕੇ ਉਹ ਤਾਂ ਪਿੱਛਾ ਛੁਡਵਾ ਗਿਆ ਪਰ ਪਿੱਛੇ ਪਤਨੀ ਕਰਮਜੀਤ ਕੌਰ, ਬੁੱਢੀ ਮਾਂ ਛੋਟੀ ਕੌਰ ਅਤੇ ਦੋ ਬੱਚਿਆਂ ਉੱਤੇ ਦੁੱਖਾਂ ਦਾ ਪਹਾੜ ਛੱਡ ਗਿਆ।
ઠਮਾਨਸਾ ਜ਼ਿਲ੍ਹੇ ਦੇ ਕਰੀਬ ਸਾਢੇ ਕੁ ਤਿੰਨ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਰੰਘੜਿਆਲ ਵਿੱਚ ਜਿਵੇਂ ਖ਼ੁਦਕੁਸ਼ੀਆਂ ਦੀ ਖੇਤੀ ਹੋ ਰਹੀ ਹੋਵੇ। 12 ਮਈ ਨੂੰ ਬੇਅੰਤ ਸਿੰਘ ਦੇ ਭੋਗ ਉੱਤੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਦੋ ਦਿਨ ਤੋਂ ਭੋਗ ਉੱਤੇ ਹੀ ਆ ਰਹੇ ਹਨ। ਇਕ ਦਿਨ ਪਹਿਲਾਂ ਮਿੱਠੂ ਸਿੰਘ ਦਾ ਭੋਗ ਸੀ। ਬੇਅੰਤ ਸਿੰਘ ਸਾਢੇ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ। ਉਹ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾਉਣਾ ਵੀ ਲੋਚਦਾ ਸੀ ਪਰ ਬੇਟੀ ਮਨਦੀਪ ਬਾਰ੍ਹਵੀਂ ਕਰਕੇ ਅੱਗੋਂ ਕਾਲਜ ਵਿੱਚ ਦਾਖ਼ਲੇ ਦੇ ਸਮਰੱਥ ਨਹੀਂ ਹੋ ਸਕੀ। ਕਰਮਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਹੀ ਮਨਦੀਪ ਦੇ ਪੜ੍ਹਾਈ ਛੱਡ ਦੇਣ ਦੇ ਕਾਰਨ ਬਿਆਨਣ ਲਈ ਕਾਫ਼ੀ ਸਨ ਪਰ ਉਸ ਦੇ ਲਫ਼ਜ਼ਾਂ ਦਾ ਦਰਦ ਤਾਂ ਰੂਹ ਨੂੰ ਧੁਰ ਅੰਦਰ ਤੱਕ ਹਿਲਾ ਦੇਣ ਵਾਲਾ ਸੀ। ਉਸ ਨੇ ਕਿਹਾ, ઠ”ਫੀਸਾਂ ਜ਼ਿਆਦਾ ਨੇ, ਕੀ ਕਰੀਏ ਲਾ ਹੀ ਨਹੀਂ ਸਕੇ।” ਪਿੰਡ ਦੀ ਸਰਪੰਚ ਗੁਰਵਿੰਦਰ ਕੌਰ ਦੇ ਪਤੀ ਨਾਇਬ ਸਿੰਘ ਮੁਤਾਬਕ ਬੇਅੰਤ ਸਿੰਘ ਸਿਰ ਤਿੰਨ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ। ਧਰਤੀ ਹੇਠਲਾ ਪਾਣੀ ਖ਼ਰਾਬ ਹੈ। ਡੂੰਘੇ ਬੋਰ ਉੱਤੇ ਸਾਢੇ ਤਿੰਨ ਲੱਖ ਰੁਪਏ ਲਾਏ ਤਾਂ ਤਿੰਨ ਲੱਖ ਰੁਪਏ ਵਿੱਚ ਜ਼ਮੀਨ ਗਹਿਣੇ ਰੱਖਣੀ ਪਈ। ਛੇ ਏਕੜ ਵਾਹਣ ਠੇਕੇ ਉੱਤੇ ਲੈ ਕੇ ਆਮਦਨ ਨਾਲ ਕਰਜ਼ਾ ਲਾਹੁਣ ਦੀ ਕੋਸ਼ਿਸ਼ ਉਲਟੀ ਪੈ ਗਈ। ਪਾਣੀ ਮਾੜਾ ਹੋਣ ਕਾਰਨ ਫਸਲ ਦਾ ਝਾੜ ਘਟ ਗਿਆ ਅਤੇ ਕਰਜ਼ਾ ਮੋੜਨ ਦੀ ਉਮੀਦ ਪੂਰੀ ਨਹੀਂ ਹੋਈ। ਜਿਗਰ ਵਿੱਚ ਖ਼ਰਾਬੀ ਹੋਣ ਕਾਰਨ ਦਵਾਈਆਂ ਦਾ ਖਰਚ ਵੀ ਆਰਥਿਕ ਤੌਰ ਉੱਤੇ ਲੋਕ ਤੋੜ ਦੇਣ ਵਾਲਾ ਸੀ। ਬੇਅੰਤ ਸਿੰਘ ਨੇ ਪਰਿਵਾਰ ਤੋਂ ਚੋਰੀ ਇਕ ਏਕੜ ਜ਼ਮੀਨ ਵੀ ਵੇਚ ਦਿੱਤੀ ਪਰ ਫਿਰ ਵੀ ਤਾਣੀ ਸੂਤ ਨਹੀਂ ਆਈ।
ਕਰਮਜੀਤ ਕੌਰ ਨਾਲ ਬੈਠੇ ਪਿੰਡ ਰੰਘੜਿਆਲ ਦੇ ਹੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਦੇਵੀ ਰਾਮ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਬੇਅੰਤ ਸਿੰਘ ਗੱਲਬਾਤ ਕਰ ਲੈਂਦਾ ਸੀ, ਇਨ੍ਹਾਂ ਨੂੰ ਹੀ ਪਤਾ ਹੋਣੈ। ਪਰ ਬੇਅੰਤ ਨੇ ਕਰਜ਼ੇ ਦੀ ਪ੍ਰੇਸ਼ਾਨੀ ਦੀ ਸਾਂਝ ਯੂਨੀਅਨ ਆਗੂ ਨਾਲ ਵੀ ਨਹੀਂ ਪਾਈ ਸੀ। ਪਿਤਾ ਦੀ ਬਿਮਾਰੀ ਕਾਰਨ ਬੇਟਾ ਗੁਰਸੇਵਕ ਵੀ ਬਾਰ੍ਹਵੀਂ ਤੋਂ ਬਾਅਦ ਪਿਤਾ ਨਾਲ ਖੇਤੀ ਵਿੱਚ ਹੱਥ ਵਟਾਉਣ ਲੱਗ ਪਿਆ।
55 ਸਾਲਾ ਮਿੱਠੂ ਸਿੰਘ 3 ਮਈ ਨੂੰ ਸਦਾ ਲਈ ਕੂਚ ਕਰ ਗਿਆ। ਉਸ ਦੀ ਵਿਧਵਾ ਕੁਲਦੀਪ ਕੌਰ ਇਸ ਨੂੰ ਕਿਸਾਨੀ ਖ਼ੁਦਕੁਸ਼ੀ ਦੇ ਖਾਤੇ ਪਾ ਕੇ ਖ਼ੁਦਕੁਸ਼ੀ ਪੀੜਤ ਪਰਿਵਾਰ ਲਈ ਸਕੀਮ ਵਿੱਚੋਂ ਰਾਸ਼ੀ ਲੈਣ ਦੇ ਲਾਲਚ ਵਿੱਚ ਨਹੀਂ ਪਈ। ਕੁਲਦੀਪ ਕੌਰ ਨੇ ਸਾਫਗੋਈ ਨਾਲ ਕਿਹਾ, ਉਸ ਦਾ ਪਤੀ ਨਸ਼ਾ ਕਰਦਾ ਸੀ। ਪਿਛਲੇ ਦਿਨਾਂ ਤੋਂ ਨਸ਼ੇ ਦੀ ਤੰਗੀ ਕਾਰਨ ਜ਼ਹਿਰੀਲੀ ਚੀਜ਼ ਖਾ ਲਈ। ਅੱਧ ਟੁੱਟੇ ਦਰਵਾਜ਼ਿਆਂ ਵਾਲੀ ਦਲਾਨ ਵਿੱਚ ਬੈਠੀ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਪਤੀ ਦੇ ਹੁੰਦਿਆਂ ਵੀ ਲੋਕਾਂ ਦਾ ਤਾਣੀ-ਤਾਘਾ, ਗੋਹਾ ਲਵਾਉਣ ਵਰਗੇ ਕੰਮ ਕਰ ਕੇ ਗੁਜ਼ਾਰਾ ਚਲਾਉਂਦੀ ਆ ਰਹੀ ਹੈ। ਹੁਣ ਤਾਂ ਪੰਜ ਸੌ ਰੁਪਏ ਪੈਨਸ਼ਨ ਦੇ ਵੀ ਮਿਲ ਗਏ ਅਤੇ ਇਕ ਮਹੀਨਾ ਮਗਨਰੇਗਾ ਵਿੱਚ ਕੰਮ ਵੀ ਮਿਲ ਗਿਆ ਸੀ, ਇਸ ਲਈ ਕੰਮ ਠੀਕ ਚੱਲ ਗਿਆ। ਅਜੇ ਬੱਚਿਆਂ ਦੀ ਪੈਨਸ਼ਨ ਨਹੀਂ ਲੱਗੀ। ઠਆਪਣੀ ਭੈਣ ਦਾ ਦੁੱਖ ਦਰਦ ਵੰਡਾਉਣ ਹਰਿਆਣੇ ਦੇ ਪਿੰਡ ਸਧਾਣੀ ਤੋਂ ਆਈ ਬਲਜੀਤ ਕੌਰ ਝੱਟ ਹਰਿਆਣਾ ਅਤੇ ਪੰਜਾਬ ਸਰਕਾਰਾਂ ਵਿਚਲਾ ਅੰਤਰ ਦੱਸ ਦਿੰਦੀ ਹੈ। ਉਸ ਨੇ ਕਿਹਾ ਕਿ ਸਾਡੇ ਤਾਂ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਬਿਨਾਂ ਨਾਗਾ 1600 ਰੁਪਏ ਪੈਨਸ਼ਨ ਮਿਲਦੀ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …