Breaking News
Home / ਰੈਗੂਲਰ ਕਾਲਮ / ਪ੍ਰਿੰਸੀਪਲ ਸਰਵਣ ਸਿੰਘ ਦਾ ਵਿਹੜਾ ਤੇ ਚਾਚੇ ਚੀਮੇ ਦਾ ਚੁਬਾਰਾ

ਪ੍ਰਿੰਸੀਪਲ ਸਰਵਣ ਸਿੰਘ ਦਾ ਵਿਹੜਾ ਤੇ ਚਾਚੇ ਚੀਮੇ ਦਾ ਚੁਬਾਰਾ

ਦੀਪਕ ਸ਼ਰਮਾ ਚਨਾਰਥਲ
ਜਦੋਂ ਵੀ ਸਪੋਰਟਸ ਦੀ ਗੱਲ ਤੁਰਦੀ ਤਦ ਜਿਹਨ ਵਿਚ ਪ੍ਰਿੰਸੀਪਲ ਸਰਵਣ ਸਿੰਘ ਦਾ ਨਾਂ ਆਉਂਦਾ। ਪਰਵਾਸੀ ਅਦਾਰੇ ਨਾਲ ਕੰਮ ਕਰਦਿਆਂ ਹੋਇਆਂ ਪ੍ਰਿੰਸੀਪਲ ਸਰਵਣ ਸਿੰਘ ਦੇ ਸੈਂਕੜੇ ਲੇਖ ਮੇਰੇ ਹੱਥਾਂ ਵਿਚੋਂ ਲੰਘੇ ਤੇ ਪਰਵਾਸੀ ਅਖਬਾਰ ਵਿਚ ਛਪੇ। ਇਹ ਕ੍ਰਮ ਹੁਣ ਵੀ ਜਾਰੀ ਹੈ। ਪਰ ਨਾ ਤਾਂ ਕਦੇ ਮੈਨੂੰ ਮੌਕਾ ਮਿਲਿਆ ਕਿ ਮੈਂ ਪ੍ਰਿੰਸੀਪਲ ਸਾਹਿਬ ਹੁਰਾਂ ਨਾਲ ਗੱਲ ਕਰ ਸਕਾਂ ਜਾਂ ਮੁਲਾਕਾਤ ਤੇ ਨਾ ਹੀ ਕਦੇ ਉਨ੍ਹਾਂ ਨੂੰ ਮੇਰੀ ਲੋੜ ਪਈ ਕਿ ਉਹ ਮੇਰੇ ਨਾਲ ਕੋਈ ਸੰਪਰਕ ਕਰਦੇ। ਪਰ ਕਬੱਡੀ ਬਾਰੇ ਜਾਂ ਫਿਰ ਕੈਨੇਡਾ ਵਿਚ ਹੋਣ ਵਾਲੇ ਖੇਡ ਮੇਲਿਆਂ ਬਾਰੇ ਜਦੋਂ ਉਨ੍ਹਾਂ ਦੇ ਆਰਟੀਕਲ ਮੇਰੀ ਨਜ਼ਰੀਂ ਪੈਂਦੇ ਤਦ ਮੈਂ ਉਨ੍ਹਾਂ ਦੀ ਖੋਜ ਦਾ, ਉਨ੍ਹਾਂ ਦੀ ਜਾਣਕਾਰੀ ਦਾ ਤੇ ਉਨ੍ਹਾਂ ਦੀ ਲਿਖਣ ਸ਼ੈਲੀ ਦਾ ਕਾਇਲ ਹੋ ਜਾਂਦਾ। ਇਸ ਲਈ ਆਪਣੀ ਕੈਨੇਡਾ ਫੇਰੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮੁਲਾਕਾਤ ਕਰਨ ਵਾਲਿਆਂ ਦੀ ਜਿਹੜੀ ਸੂਚੀ ਬਣਾਈ ਸੀ ਉਸ ਵਿਚ ਦੋ ਨਾਂ ਮੈਂ ਉਚੇਚੇ ਤੌਰ ‘ਤੇ ਲਿਖੇ ਤੇ ਉਨ੍ਹਾਂ ਦੇ ਸੰਪਰਕ ਨੰਬਰ ਪੈਦਾ ਕਰ ਲਏ। ਪਰ ਇਨ੍ਹਾਂ ਦੋਵਾਂ ਹਸਤੀਆਂ ਨੂੰ ਮੈਂ ਪਹਿਲਾਂ ਕਦੇ ਮਿਲਿਆ ਨਹੀਂ ਸੀ। ਇਹ ਦੋ ਨਾਂ ਸਨ ਪ੍ਰਿੰਸੀਪਲ ਸਰਵਣ ਸਿੰਘ ਤੇ ਬਲਰਾਜ ਚੀਮਾ। ਗੱਲ ਪ੍ਰਿੰਸੀਪਲ ਸਾਹਿਬ ਦੀ ਕਰ ਰਹੇ ਹਾਂ ਤਾਂ ਜਦੋਂ ‘ਪਰਵਾਸੀ ਐਵਾਰਡ’ ਦੇ ਲੇਖਣ ਖੇਤਰ ਲਈ ਸਨਮਾਨਤ ਹੋਣ ਵਾਲੀ ਸਖਸ਼ੀਅਤ ਦਾ ਨਾਂ ਪ੍ਰਿੰਸੀਪਲ ਸਰਵਣ ਸਿੰਘ ਦੇ ਰੂਪ ਵਿਚ ਫਾਈਨਲ ਹੋਇਆ ਤਦ ਮੈਨੂੰ ਖੁਸ਼ੀ ਹੋਈ ਕਿ ਚਲੋ ਪ੍ਰਿੰਸੀਪਲ ਸਾਹਿਬ ਨਾਲ ਐਵਾਰਡ ਸ਼ੋਅ ਵਿਚ ਹੀ ਮੁਲਾਕਾਤ ਹੋ ਜਾਵੇਗੀ ਜੋ ਸੰਭਵ ਵੀ ਰਹੀ ਪਰ ਉਹ ਇਕ ਰਸਮੀ ਮੁਲਾਕਾਤ ਹੀ ਸੀ। ਇਸ ਛੋਟੀ ਜਿਹੀ ਮੁਲਾਕਾਤ ਨੇ ਮੇਰੀ ਉਨ੍ਹਾਂ ਨਾਲ ਮਿਲਣ ਦੀ ਤਾਂਘ ਨੂੰ ਹੋਰ ਵਧਾ ਦਿੱਤਾ, ਕਿਉਂਕਿ ਚੰਦ ਪਲਾਂ ਦੌਰਾਨ ਹੀ ਮਿਲਣ ਮੌਕੇ ਉਹ ਅਪਣੱਤ ਨਾਲ ਮਿਲੇ ਤੇ ਆਪਣੇ ਨਾਲ ਖੜ੍ਹੇ ਹੋਰ ਸੱਜਣਾਂ ਨੂੰ ਮੇਰੀ ਜਾਣ ਪਹਿਚਾਣ ਕਰਵਾਉਂਦਿਆਂ ਮੈਨੂੰ ਗਲਵੱਕੜੀ ‘ਚ ਲੈ ਕੇ ਆਪਣੇ ਸਾਥੀਆਂ ਨੂੰ ਦੱਸਣ ਲੱਗੇ ਕਿ ਇਹ ਦੀਪਕ ਸ਼ਰਮਾ ਹੈ ਜਿਹਦੀਆਂ ਆਪਾਂ ਖ਼ਬਰਾਂ ਸੁਣਦੇ ਹਾਂ। ਮੈਂ ਫਤਿਹ ਬੁਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਮਿਲਣ ਦੀ ਇੱਛਾ ਤੋਂ ਜਾਣੂ ਕਰਵਾ ਦਿੱਤਾ ਤੇ ਉਨ੍ਹਾਂ ਹੱਸ ਕੇ ਮੈਨੂੰ ਘਰੇ ਆਉਣ ਦਾ ਸੱਦਾ ਦਿੰਦਿਆਂ ਆਖ ਦਿੱਤਾ ਫੋਨ ਕਰ ਲਈਂ। ਆਪਾਂ ਵੀ ਦੇਰ ਨਹੀਂ ਲਾਈ ਐਵਾਰਡ ਸ਼ੋਅ ਦੇ ਦੋ ਦਿਨਾਂ ਬਾਅਦ ਹੀ ਪ੍ਰਿੰਸੀਪਲ ਸਾਹਿਬ ਹੁਰਾਂ ਨੂੰ ਫੋਨ ਕੀਤਾ ਤੇ ਉਨ੍ਹਾਂ ਅਗਲੀ ਸਵੇਰ ਘਰ ਆਉਣ ਦਾ ਮੈਨੂੰ ਮੌਕਾ ਬਖਸ਼ ਦਿੱਤਾ ਤੇ ਐਡਰੈਸ ਨੋਟ ਕਰਵਾ ਦਿੱਤਾ। ਮੈਂ ਸਰਦਾਰ ਭਰਪੂਰ ਸਿੰਘ ਜੀ ਅਤੇ ਅਵਤਾਰ ਵੀਰ ਜੀ ਹੁਰਾਂ ਨਾਲ ਉਨ੍ਹਾਂ ਦੇ ਘਰ ਦੀ ਜਾ ਕੇ ਡੋਰ ਬੈਲ ਵਜਾ ਦਿੱਤੀ। ਇਕ ਸੱਜਣ ਪਹਿਲਾਂ ਹੀ ਉਨ੍ਹਾਂ ਨੂੰ ਮਿਲਣ ਲਈ ਆਏ ਹੋਏ ਸਨ ਅਸੀਂ ਵੀ ਜਾ ਸੋਫੇ ਤੇ ਕੁਰਸੀਆਂ ਮੱਲ੍ਹ ਲਈਆਂ। ਗੱਲਾਂ ਦਾ ਦੌਰ ਸ਼ੁਰੂ ਹੋਇਆ, ਪੰਜਾਬ ਦੇ ਹਾਲਾਤਾਂ ਤੋਂ ਹੁੰਦੇ ਹੋਏ, ਪੰਜਾਬ ਦੀ ਨਸ਼ਿਆਂ ‘ਚ ਡੁੱਬ ਰਹੀ ਜਵਾਨੀ ‘ਚੋਂ ਲੰਘਦੇ ਹੋਏ ਗੱਲ ਪਿੰਡਾਂ ਦੇ ਹਾਲਾਤ ‘ਤੇ ਆ ਕੇ ਰੁਕੀ ਤਾਂ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਦਾ ਜੱਦੀ ਪਿੰਡ ਚਕਰ ਸਾਡੇ ਸਾਹਮਣੇ ਉਦਾਹਰਣ ਬਣ ਆ ਖਲੋਤਾ। ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਜਗਰਾਉਂ ਵਿਚ ਪੈਂਦਾ ਪਿੰਡ ਚਕਰ ਪੰਜਾਬ ਦੇ ਉਨ੍ਹਾਂ ਸੋਹਣੇ-ਸੁਨੱਖੇ ਤੇ ਮਾਡਲ ਪਿੰਡਾਂ ਵਿਚੋਂ ਵਿਲੱਖਣ ਥਾਂ ਰੱਖਦਾ ਹੈ ਜਿਸ ਨੂੰ ਪਿੰਡ ਵਾਸੀਆਂ ਨੇ ਹੱਥੀਂ ਸੰਵਾਰਿਆ ਹੈ। ਇਸ ਪਿੰਡ ਦੀ ਨੁਹਾਰ ਬਦਲਣ ਵਿਚ ਪ੍ਰਿੰਸੀਪਲ ਸਰਵਣ ਸਿੰਘ ਵਰਗੇ ਐਨ ਆਰ ਆਈਜ਼ ਦਾ ਵੱਡਾ ਯੋਗਦਾਨ ਹੈ। ਅਸੀਂ ਵੀ ਆਪਣੇ ਪਿੰਡਾਂ ਨੂੰ ਚਕਰ ਵਰਗਾ ਬਣਾ ਸਕੀਏ ਇਸ ਤਾਂਘ ਨਾਲ ਮੈਂ ਪਰਤ ਦਰ ਪਰਤ ਸਰਵਣ ਸਿੰਘ ਹੁਰਾਂ ਦਾ ਅੰਦਰ ਫਰੋਲਦਾ ਰਿਹਾ ਤੇ ਉਨ੍ਹਾਂ ਦੇ ਦਿਲੋ ਦਿਮਾਗ ਦੇ ਖਜ਼ਾਨੇ ਵਿਚੋਂ ਚੰਗੀ ਰਹਿਮਤ, ਚੰਗੀ ਸੋਚ ਤੇ ਚੰਗੀ ਸੇਧ ਆਪਣੇ ਪੱਲੇ ਬੰਨ੍ਹਦਾ ਰਿਹਾ। ਗੱਲਾਂ ਨਾਲ ਹੀ ਨਹੀਂ ਉਨ੍ਹਾਂ ਸਾਨੂੰ ਕੰਪਿਊਟਰ ਸਕਰੀਨ ‘ਤੇ ਲਿਜਾ ਚਕਰ ਦੀ ਵੈਬਸਾਈਟ ਦਿਖਾਈ। ਪੂਰੇ ਵਿਕਾਸ ਦੀ ਕਹਾਣੀ ਸੁਣਾਈ ਤੇ ਤਸਵੀਰਾਂ ਰਾਹੀਂ ਸਾਡੇ ਸਾਹਮਣੇ ਰੱਖ ਦਿੱਤਾ ਕਿ ਕਿਵੇਂ ਨਰਕ ਨੂੰ ਸਵਰਗ ਵਿਚ ਬਦਲਿਆ ਜਾ ਸਕਦਾ ਹੈ। ਜਲ-ਪਾਣ ਛਕਦਿਆਂ ਲੇਖਕਾਂ ਬਾਰੇ, ਲਿਖਤਾਂ ਬਾਰੇ, ਕਵੀ ਤੇ ਕਵਿਤਾਵਾਂ ਬਾਰੇ ਗੱਲਾਂ ਕਰਦਿਆਂ ਸਾਨੂੰ ਦੋ ਕੁ ਘੰਟੇ ਤੋਂ ਉਪਰ ਦਾ ਵਕਫ਼ਾ ਹੋ ਗਿਆ। ਇਸ ਦੌਰਾਨ ਚਾਹ ਤੇ ਜੂਸ ਦਾ ਦੌਰ ਵੀ ਚੱਲਿਆ। ਮੈਂ ਆਪਣੀ ਪਲੇਠੀ ਕਾਵਿ ਸੰਗ੍ਰਹਿ ‘ਤੂਫਾਨ’ ਨਾਂ ਦੀ ਕਿਤਾਬ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੂੰ ਭੇਂਟ ਕੀਤੀ ਤੇ ਉਨ੍ਹਾਂ ਕਿਤਾਬ ਦੇ ਤੋਹਫ਼ੇ ਨੂੰ ਸਵੀਕਾਰ ਕਰਕੇ ਰਿਟਰਨ ਗਿਫ਼ਟ ਵਾਲੀ ਰਵਾਇਤ ਨਿਭਾਉਂਦੇ ਹੋਏ ਮੈਨੂੰ ਵੀ ਆਪਣੀ ਨਵੀਂ ਲਿਖੀ ਕਿਤਾਬ ਉਲੰਪੀਅਨ ਰਤਨ ਬਲਵੀਰ ਸਿੰਘ ਜੀ ਦੀ ਜੀਵਨੀ ‘ਗੋਲਡਨ ਗੋਲ’ ਸੰਭਾਲ ਦਿੱਤੀ। ਉਨ੍ਹਾਂ ਦੀ ਅਪਣੱਤ ਤੋਂ, ਉਨ੍ਹਾਂ ਕੋਲੋਂ ਮਿਲੀ ਜਾਣਕਾਰੀ ਤੋਂ ਅਤੇ ਕਿਤਾਬ ਦੇ ਰੂਪ ਵਿਚ ਮਿਲੇ ਤੋਹਫ਼ੇ ਤੋਂ ਮੈਂ ਇੰਨਾ ਖੁਸ਼ ਸੀ, ਮੈਨੂੰ ਮਹਿਸੂਸ ਹੋਇਆ ਕਿ ਮੈਂ ਕਾਫ਼ੀ ਕੁਝ ਪ੍ਰਿੰਸੀਪਲ ਸਾਹਿਬ ਦੇ ਵਿਹੜੇ ‘ਚੋਂ ਸਮੇਟ ਕੇ ਲਿਜਾ ਰਿਹਾ ਹਾਂ ਜੋ ਸਾਂਭਣਯੋਗ ਹੈ। ਪਰ ਗੱਲ ਉਨ੍ਹਾਂ ਇਥੇ ਨਹੀਂ ਮੁਕਾਈ ਜਦ ਅਸੀਂ ਉਨ੍ਹਾਂ ਤੋਂ ਤੁਰਨ ਦੀ ਆਗਿਆ ਲੈਣ ਲੱਗੇ ਤਾਂ ਇਕ ਮਿੰਟ ਰੁਕ ਕਹਿ ਕੇ ਉਹ ਅੰਦਰ ਨੂੰ ਤੁਰ ਗਏ, ਵਾਪਸ ਆਏ ਤੇ ਮੇਰੇ ਹੱਥ ਵਿਚ ਚੰਗੇ ਖਾਸੇ ਡਾਲਰ ਫੜ੍ਹਾਉਂਦੇ ਹੋਏ ਕਹਿਣ ਲੱਗੇ ਕਿ ਆਹ ਤੇਰਾ ਸ਼ਗਨ ਹੈ। ਮੈਂ ਇਨਕਾਰ ਕੀਤਾ ਤਾਂ ਮੈਨੂੰ ਆਪਣੇ ਬੱਚਿਆ ਵਾਂਗ ਪਲੋਸਦੇ ਹੋਏ ਬੋਲੇ ‘ਉਹ ਮੁੰਡਿਆ ਆਪਣੇ ਝੱਗਾ-ਝੁੱਗਾ ਦੇਣ ਦਾ ਰਿਵਾਜ਼ ਹੁੰਦਾ ਹੈ। ਹੁਣ ਤੇਰੇ ਨਾਪ ਦਾ ਮੈਨੂੰ ਪਤਾ ਨਹੀਂ ਬੱਸ ਤੂੰ ਆਪੇ ਲੈ ਲਈਂ’ ਤੇ ਇਹ ਕਹਿੰਦੇ ਹੋਏ ਉਨ੍ਹਾਂ ਜ਼ਬਰਦਸਤੀ ਮੇਰੀ ਮੁੱਠੀ ਵਿਚ ਡਾਲਰ ਰੱਖਦਿਆਂ ਮੁੱਠੀ ਬੰਦ ਕਰ ਦਿੱਤੀ। ਉਥੇ ਸਾਰੇ ਮੌਜੂਦ ਸੱਜਣਾਂ ਨੇ ਵੀ ਅੱਖਾਂ ਰਾਹੀਂ ਮੈਨੂੰ ਇਹ ਭੇਟਾ ਸਵੀਕਾਰ ਕਰਨ ਲਈ ਕਿਹਾ। ਫਿਰ ਮੈਂ ਕੌਣ ਹੁੰਦਾ ਹਾਂ ਵੱਡਿਆਂ ਦਾ ਮਾਣ ਮੋੜਨ ਵਾਲਾ, ਪਿਆਰ ਮੋੜਨ ਵਾਲਾ ਤੇ ਇੰਝ ਜਾਣਕਾਰੀ ਦੇ ਨਾਲ-ਨਾਲ ਇਹ ਪਿਆਰਾ ਤੋਹਫ਼ੇ ਤੇ ਅਸੀਸਾਂ ਵੀ ਮੇਰੇ ਬੋਝੇ ਬੰਨ੍ਹ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਘਰੋਂ ਵਿਦਾ ਕੀਤਾ।
ਜਿਸ ਦੂਜੀ ਹਸਤੀ ਨੂੰ ਮੈਂ ਮਿਲਣ ਦਾ ਪੱਕਾ ਸੋਚ ਰੱਖਿਆ ਸੀ ਅੱਜ ਉਨ੍ਹਾਂ ਨੂੰ ਮਿਲਣ ਦਾ ਵੀ ਵਕਤ ਆ ਗਿਆ। 12 ਅਗਸਤ ਨੂੰ ਡਾ. ਡੀਪੀ ਸਿੰਘ ਹੁਰਾਂ ਨੇ ਮੈਨੂੰ ਨਵਤੇਜ ਵੀਰ ਜੀ ਦੇ ਘਰੋਂ ਗੱਡੀ ਵਿਚ ਬਿਠਾਇਆ ਤੇ ਝਾਂਜਰ ਟੀਵੀ ਸਟੂਡੀਓ ਲੈ ਵੜੇ ਜਿੱਥੇ ਵਾਰੀ-ਵਾਰੀ ਡਾ. ਡੀਪੀ ਸਿੰਘ ਹੁਰਾਂ ਨੇ ਪੱਤਰਕਾਰਤਾ ਦੇ ਖੇਤਰ ਨਾਲ ਸਬੰਧਤ ਪੰਜਾਬ ਦੇ ਮਸਲਿਆਂ ‘ਤੇ ਮੇਰੇ ਨਾਲ ਟੀਵੀ ‘ਤੇ ਇੰਟਰਵਿਊ ਕੀਤੀ ਉਥੇ ਡਾ. ਨਾਜ਼ ਹੁਰਾਂ ਨੇ ਮੇਰੀ ਕਿਤਾਬ ਨੂੰ ਆਧਾਰ ਬਣਾ ਕੇ ਇਕ ਸਾਹਿਤਕ ਇੰਟਰਵਿਊ ਵੀ ਕੀਤੀ। ਇਥੋਂ ਵਿਹਲੇ ਹੋ ਕੇ ਜਦੋਂ ਬਾਹਰ ਆਏ ਤਦ ਡਾਕਟਰ ਸਾਹਿਬ ਹੁਰਾਂ ਨੇ ਹੀ ਮੈਨੂੰ ਵਾਪਸ ਛੱਡਣਾ ਸੀ ਪਰ ਮੈਂ ਬਲਰਾਜ ਚੀਮਾ ਜੀ ਹੁਰਾਂ ਨੂੰ ਮਿਲਣ ਦੀ ਇੱਛਾ ਇਨ੍ਹਾਂ ਸਾਹਮਣੇ ਪ੍ਰਗਟਾ ਦਿੱਤੀ। ਪ੍ਰਿੰਸੀਪਲ ਸਰਵਣ ਸਿੰਘ ਵਾਂਗ ਹੀ ਬਲਰਾਜ ਚੀਮਾ ਹੁਰਾਂ ਨੂੰ ਮੈਂ ‘ਪਰਵਾਸੀ ਐਵਾਰਡ ਸ਼ੋਅ’ ‘ਚ ਵੀ ਮਿਲ ਚੁੱਕਿਆ ਸੀ ਤੇ ਜਦੋਂ ਉਹ ‘ਪਰਵਾਸੀ’ ਅਦਾਰੇ ਦੇ ਮੁੱਖ ਦਫ਼ਤਰ ਆਏ ਸਨ ਤਦ ਵੀ ਇਕ ਵਾਰ ਰਸਮੀ ਜਿਹੀ ਮੁਲਾਕਾਤ ਹੋ ਗਈ ਸੀ। ਪਰ ਮਨ ਨਹੀਂ ਭਰਿਆ ਸੀ ਅਜੇ, ਕਿਉਂਕਿ ਕੈਨੇਡਾ ਵਿਚ ਚਾਚਾ ਚੀਮਾ ਦੇ ਨਾਂ ਨਾਲ ਮਸ਼ਹੂਰ ਬਲਰਾਜ ਚੀਮਾ ਹੁਰਾਂ ਨੂੰ ਮਿਲਣ ਤਾਂ ਜਾਣਾ ਹੀ ਸੀ ਤੇ ਡਾ. ਨਾਜ਼ ਹੁਰਾਂ ਨੇ ਇਨ੍ਹਾਂ ਨੂੰ ਫੋਨ ਕੀਤਾ ਤੇ ਚੀਮਾ ਸਾਹਿਬ ਨੇ ਸਾਨੂੰ ਘਰੇ ਸੱਦ ਲਿਆ। ਇਕ ਟਾਵਰ ਦੀ ਪਤਾ ਨਹੀਂ 10ਵੀਂ ਪਤਾ ਨਹੀਂ 16ਵੀਂ ਮੰਜ਼ਿਲ ‘ਤੇ ਰਹਿਣ ਵਾਲੇ ਚਾਚਾ ਚੀਮਾ ਦੇ ਘਰ ਜਾ ਅਸੀਂ ਮਹਿਫ਼ਲ ਲਾ ਲਈ। ਘਰ ਵੜਦਿਆਂ ਹੀ ਬਲਰਾਜ ਚੀਮਾ ਹੁਰੀਂ ਕਹਿਣ ਲੱਗੇ ਲੈ ਦੀਪਕ ਹੁਣ ਤੂੰ ਆ ਗਿਆ, ਆਹ ਤੇਰਾ ਕਮਰਾ ਤੇ ਆਹ ਤੇਰਾ ਬੈਡ, ਹੁਣ ਇਥੇ ਰਹਿਣੈ। ਮੈਨੂੰ ਰਜਿੰਦਰ ਕਹਿੰਦਾ ਸੀ ਕਿ ਆਪਾਂ ਦੀਪਕ ਦਾ ਕੋਈ ਟਿਕਾਣਾ ਬਣਾਉਣਾ ਮੈਂ ਉਹ ਨੂੰ ਆਖਿਆ ਕਿ ਦੀਪਕ ਮੇਰੇ ਕੋਲ ਰਹੂ, ਪਰ ਤੂੰ ਆਇਆ ਹੀ ਨਹੀਂ, ਹੁਣ ਆ ਗਿਆ, ਜਿੰਨੇ ਦਿਨ ਹੈਂ ਇਥੇ ਰਹਿ। ਆਪਾਂ ਦੋਵੇਂ ਨਾਲੇ ਮੌਜ ਕਰਾਂਗੇ, ਨਾਲ ਗੱਲਾਂ। ਮੈਂ ਕੋਈ ਗੱਲ ਨੀਂ ਚਾਚਾ ਜੀ ਤੋਹਡੇ ਕੋਲ ਹੀ ਹਾਂ ਕਹਿ ਕੇ ਬੈਠ ਗਿਆ। ਫਿਰ ਚੀਮਾ ਸਾਹਿਬ ਡਾ. ਨਾਜ਼ ਅਤੇ ਡਾ. ਡੀਪੀ ਸਿੰਘ ਹੁਰਾਂ ਨਾਲ ਗੱਲਬਾਤ ਕਰਨ ਲੱਗੇ ਤੇ ਅਸੀਂ ਚਾਰੋਂ ਕੁਝ ਸਮੇਂ ਤੱਕ ਗੱਲਾਂ ਕਰਦੇ ਰਹੇ। ਇਸ ਤੋਂ ਬਾਅਦ ਡਾ. ਨਾਜ਼ ਅਤੇ ਡਾ. ਡੀਪੀ ਸਿੰਘ ਹੁਰੀਂ ਚੀਮਾ ਸਾਹਿਬ ਤੋਂ ਵਿਦਾ ਲੈ ਕੇ ਤੁਰ ਗਏ ਤੇ ਮੈਂ ਅਤੇ ਚਾਚਾ ਚੀਮਾ ਨੇ ਆਪਣੀ ਮਹਿਫ਼ਲ ਭਖਾਈ ਰੱਖੀ। ਕੀ ਪੰਜਾਬ ਦੀ ਸਿਆਸਤ, ਕੀ ਭਾਰਤ ਦੇ ਮੁੱਦੇ, ਕੀ ਕੈਨੇਡਾ ਵਿਚ ਪੰਜਾਬੀਆਂ ਦੀਆਂ ਸਮੱਸਿਆਵਾਂ ਤੇ ਕੀ ਕੈਨੇਡਾ ਦੀ ਸਿਆਸਤ, ਕੋਈ ਵਿਸ਼ਾ ਅਜਿਹਾ ਨਹੀਂ ਸੀ ਜਿਸ ‘ਤੇ ਗੱਲ ਨਾ ਹੋਈ ਹੋਵੇ ਤੇ ਕੋਈ ਵਿਸ਼ਾ ਅਜਿਹਾ ਨਹੀਂ ਸੀ ਜਿਸ ਬਾਰੇ ਭਰਪੂਰ ਜਾਣਕਾਰੀ ਨਾਲ ਚਾਚਾ ਚੀਮਾ ਨੇ ਮੇਰੀ ਨਾਲਿਜ ਵਿਚ ਵਾਧਾ ਨਾ ਕੀਤਾ ਹੋਵੇ। ਇਸ ਦੌਰਾਨ ਨਵਤੇਜ ਵੀਰ ਜੀ ਹੁਰਾਂ ਦਾ ਫੋਨ ਆ ਗਿਆ ਕਿ ਮੈਂ ਆ ਰਿਹਾ ਹਾਂ ਤੂੰ ਥੱਲੇ ਆ ਜਾ। ਪਰ ਚਾਚਾ ਚੀਮਾ ਆਖਣ ਲੱਗੇ ਨਵਤੇਜ ਨੂੰ ਕਹਿ ਉਪਰ ਆਵੇ। ਅਸਲ ਵਿਚ ਬਲਰਾਜ ਚੀਮਾ ਹੁਰੀਂ ਅਮਰਜੀਤ ਸਾਥੀ ਹੁਰਾਂ ਨਾਲ ਗੂੜ੍ਹੀ ਦੋਸਤੀ ਦੇ ਨਾਤੇ ਨਵਤੇਜ ਵੀਰ ਜੀ ਦੇ ਵੀ ਚੰਗੇ ਵਾਕਿਫਾਂ ਵਿਚੋਂ ਹਨ। ਇਸ ਲਈ ਉਨ੍ਹਾਂ ਜ਼ੋਰ ਨਾਲ ਨਵਤੇਜ ਨੂੰ ਉਪਰ ਆਉਣ ਦਾ ਹੁਕਮ ਸੁਣਾਇਆ। ਫਿਰ ਉਹੀ ਗੱਲ ਨਵਤੇਜ ਵੀਰ ਜੀ ਨਾਲ ਵੀ ਦੁਹਰਾ ਦਿੱਤੀ। ਉਹ ਭਾਈ ਹੁਣ ਦੀਪਕ ਨੂੰ ਥੋੜ੍ਹੇ ਦਿਨ ਮੇਰੇ ਕੋਲ ਰਹਿ ਲੈਣ ਦੇ, ਆਹ ਦੇਖ ਐਥੋਂ ਕਿੰਨਾ ਸੋਹਣਾ ਨਜ਼ਾਰਾ ਦਿਖਦੈ। ਫਿਰ ਖੁਦ ਹੀ ਹੱਸ ਕੇ ਕਹਿਣ ਲੱਗੇ ਮੈਂ ਤਾਂ ਐਨੀ ਉਚਾਈ ‘ਤੇ ਬੈਠਾਂ ਕਿ ਇਥੋਂ ਸਵਰਗ ਵੀ ਹੁਣ ਤਾਂ ਨੇੜੇ ਹੀ ਹੈ। ਸੱਚ ਪੁੱਛੋਂ ਤਾਂ ਚਾਚਾ ਚੀਮਾ ਦੇ ਚੁਬਾਰੇ ‘ਚੋਂ ਰਾਤ ਨੂੰ ਲਾਈਟਾਂ ਨਾਲ ਜਗਮਗ ਕਰਦਾ ਟੋਰਾਂਟੋ ਵੇਖ ਕੇ ਇੰਝ ਹੀ ਲਗਦਾ ਹੈ ਜਿਵੇਂ ਤੁਸੀਂ ਕਿਸੇ ਸਵਰਗ ਵਿਚ ਹੋਵੋਂ ਤੇ ਝੂਲਾ ਝੂਲ ਰਹੇ ਹੋਵੋਂ। ਦੁਪਹਿਰ ਦੇ ਚਾਚਾ ਚੀਮਾ ਦੇ ਚੁਬਾਰੇ ਬੈਠੇ ਸਾਂ ਕਿ ਵੀਰ ਜੀ ਦੇ ਆਉਂਦੇ ਆਉਂਦੇ ਸ਼ਾਮ ਹੋ ਗਈ। ਸ਼ਾਮ ਨੇ ਵੀ ਰਾਤ ਦਾ ਰੰਗ ਵਟਾਉਣਾ ਸ਼ੁਰੂ ਕਰ ਦਿੱਤਾ, ਮਨ ਮੇਰਾ ਵੀ ਜਾਣ ਨੂੰ ਨਹੀਂ ਕਰਦਾ ਸੀ ਤੇ ਚਾਚਾ ਚੀਮਾ ਦਾ ਸਾਨੂੰ ਭੇਜਣ ਨੂੰ ਵੀ ਨਹੀਂ ਕਰਦਾ ਸੀ, ਪਰ ਅਗਲੇ ਦਿਨ ਦੇ ਵੀ ਕੁਝ ਤਹਿ ਪ੍ਰੋਗਰਾਮ ਸਨ ਇਸ ਲਈ ਵਿਦਾਈ ਤਾਂ ਲੈਣੀ ਹੀ ਸੀ। ਮੈਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਰੱਖੇ ਗਏ ਆਪਣੇ ਰੂਬਰੂ ਬਾਰੇ ਬਲਰਾਜ ਚੀਮਾ ਜੀ ਨੂੰ ਜਦੋਂ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਹੱਸ ਕਿਹਾ ਹਾਂ ਮੈਨੂੰ ਪਤਾ ਹੈ। ਮੈਂ ਤੇਰੇ ਆਰਟੀਕਲ, ਲੇਖ ਤੇਰੀਆਂ ਸਿਆਸੀ ਟਿੱਪਣੀਆਂ ਪਰਵਾਸੀ ਵਿਚ ਵੀ ਪੜ੍ਹਦਾ ਹਾਂ ਤੇ ਫੇਸਬੁੱਕ ‘ਤੇ ਵੀ ਤੇਰੀਆਂ ਐਕਟੀਵਿਟੀਆਂ ਨੂੰ ਵੇਖਦਾ ਰਹਿੰਦਾ ਹਾਂ। ਸ਼ਾਬਾਸ਼ ਇਸੇ ਜੋਸ਼ ਨਾਲ ਲੱਗਿਆ ਰਹਿ। ਇਹ ਕਿਵੇਂ ਹੋ ਸਕਦਾ ਸੀ ਕਿ ਚਾਚਾ ਚੀਮਾ ਥਾਪੜਾ ਦੇਵੇ ਤੇ ਮੈਂ ਅੰਦਰੋਂ ਖੁਸ਼ ਨਾ ਹੋਵਾਂ। ਮੈਂ ਆਪਣੀ ਕਿਤਾਬ ‘ਤੂਫਾਨ’ ਚਾਚਾ ਚੀਮਾ ਨੂੰ ਭੇਟ ਕੀਤੀ ਤੇ ਉਨ੍ਹਾਂ ਪਿਆਰ ਨਾਲ ਸਵੀਕਾਰ ਕਰਦਿਆਂ ਕਿਹਾ ਬੱਸ ਮੈਂ ਸਾਰੀ ਪੜ੍ਹ ਲੈਣੀ ਆ ਤੇ ਫਿਰ ਤੇਰੇ ਰੂਬਰੂ ਵਾਲੇ ਪ੍ਰੋਗਰਾਮ ਵਿਚ ਮੈਂ ਬੋਲੂੰਗਾ। ਮੈਂ ਉਨ੍ਹਾਂ ਦੇ ਪਿਆਰ ਨੂੰ ਸ਼ੀਸ਼ ਝੁਕਾਉਂਦੇ ਹੋਏ ਨਿਮਰਤਾ ਨਾਲ ਵਿਦਾਈ ਲਈ ਤੇ ਅਸੀਂ ਚਾਚਾ ਚੀਮਾ ਦੇ ਚੁਬਾਰੇ ਦੀਆਂ ਪੌੜੀਆਂ ਉਤਰ ਆਏ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …