ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਭਲਕੇ ਮੰਗਲਵਾਰ ਨੂੰ ਬਜਟ ਕੀਤਾ ਜਾਵੇਗਾ ਪੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸੰਸਦ ਦਾ ਮਾਨਸੂਨ ਇਜਲਾਸ ਅੱਜ 22 ਜੁਲਾਈ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਭਲਕੇ 23 ਜੁਲਾਈ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਹ ਬਜਟ ਇਜਲਾਸ 22 ਅਗਸਤ ਤੱਕ ਚੱਲੇਗਾ ਅਤੇ ਇਸ ਦੌਰਾਨ 19 ਬੈਠਕਾਂ ਹੋਣਗੀਆਂ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੰਸਦ ’ਚ ਪਹੁੰਚੇ ਅਤੇ ਉਨ੍ਹਾਂ ਮੀਡੀਆ ਨਾਲ ਵੀ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਲੋਕਾਂ ਨੇ ਲੋਕ ਸਭਾ ਚੋਣਾਂ ਵਿਚ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਸਾਰੇ ਸਿਆਸੀ ਦਲਾਂ ਨੂੰ ਅਗਲੇ 5 ਸਾਲਾਂ ਤੱਕ ਦੇਸ਼ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪੀਐਮ ਨੇ ਕਿਹਾ ਕਿ ਬਜਟ ਅਗਲੇ 5 ਸਾਲਾਂ ਦੀ ਯਾਤਰਾ ਦੀ ਦਿਸ਼ਾ ਤੈਅ ਕਰੇਗਾ ਅਤੇ 2047 ਵਿਚ ‘ਵਿਕਸਤ ਭਾਰਤ’ ਦੇ ਸੁਫਨੇ ਨੂੰ ਪੂਰਾ ਕਰਨ ਦੀ ਨੀਂਹ ਰੱਖੇਗਾ। ਪ੍ਰਧਾਨ ਮੰਤਰੀ ਨੇ ਕੁਝ ਸਿਆਸੀ ਦਲਾਂ ਦੀ ਘਟੀਆ ਰਾਜਨੀਤੀ ਦੀ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ 60 ਸਾਲਾਂ ਬਾਅਦ ਕੋਈ ਸਰਕਾਰ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਈ ਹੈ। ਇਜਲਾਸ ਦੇ ਅੱਜ ਪਹਿਲੇ ਦਿਨ ਵਿਰੋਧੀ ਧਿਰ ਨੇ ਨੀਟ ਦੇ ਮਾਮਲੇ ’ਤੇ ਸਰਕਾਰ ਖਿਲਾਫ ਹੰਗਾਮਾ ਕੀਤਾ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਐਗਜਾਮੀਨੇਸ਼ਨ ਸਿਸਟਮ ਫਰਾਡ ਹੋ ਚੁੱਕਾ ਹੈ।