Breaking News
Home / ਭਾਰਤ / ਹਿੰਸਾ ਤੇ ਨਫ਼ਰਤ ਫੈਲਾਉਣ ਵਾਲੇ ਹਿੰਦੂ ਨਹੀਂ : ਰਾਹੁਲ

ਹਿੰਸਾ ਤੇ ਨਫ਼ਰਤ ਫੈਲਾਉਣ ਵਾਲੇ ਹਿੰਦੂ ਨਹੀਂ : ਰਾਹੁਲ

ਪ੍ਰਧਾਨ ਮੰਤਰੀ ਨੇ ਕਾਂਗਰਸ ਆਗੂ ‘ਤੇ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਆਖਣ ਦਾ ਲਾਇਆ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਭਾਜਪਾ ‘ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਹੁਕਮਰਾਨ ਧਿਰ ਦੇ ਆਗੂ ਹਿੰਦੂ ਨਹੀਂ ਹਨ ਕਿਉਂਕਿ ਉਹ 24 ਘੰਟੇ ‘ਹਿੰਸਾ ਅਤੇ ਨਫ਼ਰਤ’ ਫੈਲਾਉਣ ‘ਚ ਰੁੱਝੇ ਹੋਏ ਹਨ। ਇਸ ਬਿਆਨ ਦਾ ਸੱਤਾ ਧਿਰ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ‘ਤੇ ਆਰੋਪ ਲਾਇਆ ਕਿ ਉਸ ਨੇ ਸਾਰੇ ਹਿੰਦੂ ਸਮਾਜ ਨੂੰ ਹਿੰਸਕ ਆਖਿਆ ਹੈ। ਉਂਜ ਰਾਹੁਲ ਨੇ ਮੋਦੀ ‘ਤੇ ਵਰ੍ਹਦਿਆਂ ਕਿਹਾ ਕਿ ਉਹ ਭਾਜਪਾ ਬਾਰੇ ਗੱਲ ਕਰ ਰਿਹਾ ਹੈ ਅਤੇ ਹੁਕਮਰਾਨ ਧਿਰ, ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਤੇ ਮੋਦੀ ਪੂਰੇ ਹਿੰਦੂ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ ਹਨ।
ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਉਪਰ ਚਰਚਾ ਦੌਰਾਨ ਰਾਹੁਲ ਦੇ ਸੰਬੋਧਨ ਦੌਰਾਨ ਮੋਦੀ ਨੇ ਦੋ ਵਾਰ ਜਦਕਿ ਪੰਜ ਕੈਬਨਿਟ ਮੰਤਰੀਆਂ ਨੇ ਵੀ ਟੋਕਾ-ਟਾਕੀ ਕੀਤੀ। ਰਾਹੁਲ ਦੇ ਕਰੀਬ ਇਕ ਘੰਟਾ 40 ਮਿੰਟ ਦੇ ਤਿੱਖੇ ਭਾਸ਼ਨ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੂਆਂ ਨੂੰ ਹਿੰਸਕ ਦਰਸਾਉਣ ਲਈ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੇ ਪਲੇਠੇ ਭਾਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ”ਸਿਰਫ਼ ਇਕ ਧਰਮ ਹੀ ਨਹੀਂ ਸਗੋਂ ਸਾਡੇ ਸਾਰੇ ਧਰਮ ਨਿਡਰਤਾ ਬਾਰੇ ਗੱਲ ਕਰਦੇ ਹਨ।”
ਹਾਕਮ ਧਿਰ ਦੇ ਮੈਂਬਰ ਜਦੋਂ ਰੋਸ ਵਜੋਂ ਖੜ੍ਹੇ ਹੋਏ ਤਾਂ ਰਾਹੁਲ ਨੇ ਭਾਜਪਾ ਦੀ ਨਿਖੇਧੀ ਕਰਦਿਆਂ ਕਿਹਾ, ”ਤੁਸੀਂ ਹਿੰਦੂ ਹੀ ਨਹੀਂ ਹੋ। ਹਿੰਦੂ ਧਰਮ ‘ਚ ਸਾਫ਼ ਲਿਖਿਆ ਹੈ ਕਿ ਸੱਚ ਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ ਅਤੇ ਉਸ ਤੋਂ ਥਿੜਕਣਾ ਜਾਂ ਡਰਨਾ ਨਹੀਂ ਚਾਹੀਦਾ ਹੈ।” ਭਾਸ਼ਨ ‘ਚ ਦਖ਼ਲ ਦਿੰਦਿਆਂ ਮੋਦੀ ਨੇ ਕਿਹਾ, ”ਇਹ ਬਹੁਤ ਹੀ ਗੰਭੀਰ ਮੁੱਦਾ ਹੈ। ਸਾਰੇ ਹਿੰਦੂ ਸਮਾਜ ਨੂੰ ਹਿੰਸਕ ਆਖਣਾ ਗੰਭੀਰ ਮਾਮਲਾ ਹੈ।” ਰਾਹੁਲ ਨੇ ਕਿਹਾ ਕਿ ਉਹ ਭਾਜਪਾ ਬਾਰੇ ਗੱਲ ਕਰ ਰਿਹਾ ਹੈ ਅਤੇ ਹੁਕਮਰਾਨ ਧਿਰ ਹਿੰਦੂਤਵ ਦੀ ਇਕੱਲੀ ਪ੍ਰਤੀਨਿਧ ਨਹੀਂ ਹੈ। ‘ਇਸ ਦਾ ਠੇਕਾ ਭਾਜਪਾ ਕੋਲ ਨਹੀਂ ਹੈ।’
ਅਗਨੀਪਥ ਯੋਜਨਾ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਅਗਨੀਵੀਰਾਂ ਨੂੰ ‘ਵਰਤੋ ਅਤੇ ਸੁੱਟ ਦਿਉ ਮਜ਼ਦੂਰਾਂ’ ਵਰਗਾ ਵਿਹਾਰ ਕਰਦੀ ਹੈ ਅਤੇ ਉਨ੍ਹਾਂ ਨੂੰ ‘ਸ਼ਹੀਦ’ ਦਾ ਦਰਜਾ ਤੱਕ ਨਹੀਂ ਦਿੱਤਾ ਜਾਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਦੇ ਦੋਸ਼ਾਂ ‘ਤੇ ਦਖ਼ਲ ਦਿੰਦਿਆਂ ਕਿਹਾ ਕਿ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਅਗਨੀਵੀਰ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਵੱਲੋਂ ਕੇਂਦਰ ਖਿਲਾਫ ਪ੍ਰਦਰਸ਼ਨ
‘ਤਾਨਾਸ਼ਾਹੀ-ਹਿਲਟਰਸ਼ਾਹੀ ਨਹੀਂ ਚੱਲੇਗੀ’ ਦੇ ਲਗਾਏ ਨਾਅਰੇ
ਨਵੀਂ ਦਿੱਲੀ/ਬਿਊਰੋ ਨਿਊਜ਼ : ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ‘ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ‘ਨਿਸ਼ਾਨਾ’ ਬਣਾਉਣ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਆਰੋਪ ਲਾਉਂਦਿਆਂ ਸੰਸਦ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਟੀਐੱਮਸੀ ਤੇ ‘ਆਪ’ ਸਮੇਤ ‘ਇੰਡੀਆ’ ਗੱਠਜੋੜ ਦੇ ਕਈ ਆਗੂਆਂ ਨੇ ਸੰਸਦ ਭਵਨ ਦੇ ‘ਮਕਰ ਦਵਾਰ’ ਵੱਲ ਜਾਣ ਵਾਲੀਆਂ ਪੌੜੀਆਂ ‘ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ‘ਤਾਨਾਸ਼ਾਹੀ-ਹਿਟਲਰਸ਼ਾਹੀ ਨਹੀਂ ਚੱਲੇਗੀ’, ‘ਕੇਜਰੀਵਾਲ ਨੂੰ ਰਿਹਾਅ ਕਰੋ’, ‘ਈਡੀ ਤੇ ਸੀਬੀਆਈ ਦੀ ਦੁਰਵਰਤੋਂ ਬੰਦ ਕਰੋ’, ‘ਵਿਰੋਧੀ ਧਿਰ ਨੂੰ ਚੁੱਪ ਕਰਾਉਣ ਲਈ ਏਜੰਸੀਆਂ ਦੀ ਦੁਰਵਰਤੋਂ ਬੰਦ ਕਰੋ’ ਅਤੇ ‘ਭਾਜਪਾ ਵਿੱਚ ਜਾਓ ਭ੍ਰਿਸ਼ਟਾਚਾਰ ਦਾ ਲਾਇਸੈਂਸ ਪਾਓ’। ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਵੀ ਹੱਥ ਵਿੱਚ ਪੋਸਟਰ ਚੁੱਕਿਆ ਹੋਇਆ ਸੀ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਖੜ੍ਹਾ ਦਿਖਾਇਆ ਗਿਆ ਹੈ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪੱਛਮੀ ਬੰਗਾਲ ਵਿੱਚ ਗ੍ਰਿਫ਼ਤਾਰ ਤਿੰਨ ਮੰਤਰੀਆਂ ਨੂੰ ਰਿਹਾਅ ਕਰਨ, ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਖਿਲਾਫ ਈਡੀ ਦੀ ਦੁਰਵਰਤੋਂ ਰੋਕਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਕਾਂਗਰਸ ਆਗੂ ਰਾਜੀਵ ਸ਼ੁਕਲਾ ਨੇ ਕਿਹਾ, ”ਵਿਰੋਧੀ ਧਿਰ ਦੇ ਆਗੂਆਂ ਖਿਲਾਫ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਖਿਲਾਫ ਪੂਰਾ ‘ਇੰਡੀਆ’ ਗੱਠਜੋੜ ਇਕਜੁੱਟ ਹੈ।”
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰਕੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਹੈ। ਦੇਸ਼ ਵਿੱਚ ਕਾਂਗਰਸ ਤੇ ‘ਆਪ’ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਖਿਲਾਫ਼ ਜਾਂਚ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ।
ਨਹੀਂ ਚੱਲਣ ਦੇਵੇਗਾ।

Check Also

ਡਬਲਿਊ ਟੀ ਸੀ ਫਾਈਨਲ ਤੇ ਚੈਂਪੀਅਨਜ਼ ਟਰਾਫੀ ’ਚ ਰੋਹਿਤ ਸ਼ਰਮਾ ਹੀ ਹੋਣਗੇ ਕਪਤਾਨ : ਜੈ ਸ਼ਾਹ

ਦੋਵੇਂ ਟੂਰਨਾਮੈਂਟ ਜਿੱਤਣ ਦਾ ਕੀਤਾ ਦਾਅਵਾ ਮੁੰਬਈ/ਬਿਊਰੋ ਨਿਊਜ਼ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜੈ …