13.5 C
Toronto
Thursday, September 18, 2025
spot_img
HomeਕੈਨੇਡਾFrontਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਮੁੜ ਲੜਨਗੇ ਚੋਣ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਨੇ ਭਾਰਤ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਵਾਰਾਨਸੀ, ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਗਾਂਧੀ ਨਗਰ ਤੋਂ ਲੋਕ ਸਭਾ ਚੋਣ ਲੜਨਗੇ। ਭਾਜਪਾ ਨੇ 16 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਆਪਣੇ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ’ਚ 34 ਕੇਂਦਰੀ ਮੰਤਰੀਆਂ ਦੇ ਨਾਂ ਸ਼ਾਮਲ ਹਨ। ਸੂਚੀ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਨਾਂ ਵੀ ਸ਼ਾਮਲ ਹੈ ਜਿਸ ਨੂੰ ਮੁੜ ਖੀਰੀ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਨਵੀਂ ਦਿੱਲੀ ਵਿਖੇ ਪਾਰਟੀ ਦੇ ਹੈੱਡਕੁਆਰਟਰ ’ਚ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕੀਤਾ। ਸੂਚੀ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਚੋਣ ਲੜਨਗੇ। ਤਾਵੜੇ ਨੇ ਦੱਸਿਆ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਇੱਕ ਵਾਰ ਫਿਰ ਰਾਜਸਥਾਨ ਦੇ ਕੋਟਾ ਤੋਂ ਚੋਣ ਲੜਨਗੇ। ਇਸੇ ਤਰ੍ਹਾਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਕੇਰਲਾ ਦੇ ਤਿਰੂਵਨੰਤਪੁਰਮ ਤੋਂ, ਸਰਬਨੰਦ ਸੋਨੋਵਾਲ ਅਸਾਮ ਦੇ ਡਿਬਰੂਗੜ੍ਹ, ਕੇਂਦਰੀ ਮੰਤਰੀ ਕਿਰਨ ਰਿਜਿਜੂ ਅਰੁਣਾਚਲ ਪੂਰਵ, ਭੁਪੇਂਦਰ ਯਾਦਵ ਰਾਜਸਥਾਨ ਦੇ ਅਲਵਰ ਤੋਂ, ਜਯੋਤਿਰਦਿੱਤਿਆ ਸਿੰਧੀਆ ਮੱਧ ਪ੍ਰਦੇਸ਼ ਦੇ ਗੁਨਾ ਤੋਂ, ਸਮਿ੍ਰਤੀ ਇਰਾਨੀ ਅਮੇਠੀ ਤੋਂ ਚੋਣ ਲੜਨਗੇ। ਸੂਚੀ ਵਿੱਚ ਅਰੁਜਨ ਰਾਮ ਮੇਘਵਾਲ, ਜੀ ਕਿਸ਼ਨ ਰੈੱਡੀ, ਅਰਜੁਨ ਮੁੰਡਾ ਦਾ ਨਾਂ ਵੀ ਸ਼ਾਮਲ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਦਿਸ਼ਾ ਤੋਂ ਉਮੀਦਵਾਰ ਹੋਣਗੇ ਤੇ ਤਿ੍ਰਪੁਰਾ ਦੇ ਸਾਬਕਾ ਮੁੱਖ ਮੰਤਰੀ ਵਿਪਲਬ ਦੇਵ ਤਿ੍ਰਪੁਰਾ ਪੱਛਮੀ ਤੋਂ ਚੋਣ ਲੜਨਗੇ। ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ ਦੀ ਥਾਂ ਆਲੋਕ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਨਵੀਂ ਦਿੱਲੀ ਤੋਂ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੀ ਥਾਂ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਸਵਰਾਜ ਨੂੰ, ਦੱਖਣੀ ਦਿੱਲੀ ਤੋਂ ਰਮੇਸ਼ ਬਿਧੂੜੀ ਦੀ ਥਾਂ ਰਾਮਵੀਰ ਸਿੰਘ ਬਿਧੂੜੀ ਨੂੰ, ਚਾਂਦਨੀ ਚੌਕ ਤੋਂ ਸਾਬਕਾ ਕੇਂਦਰੀ ਮੰਤਰੀ ਹਰਸ਼ਵਰਧਨ ਦੀ ਥਾਂ ਪ੍ਰਵੀਨ ਖੰਡੇਲਵਾਲ, ਪੱਛਮੀ ਦਿੱਲੀ ਤੋਂ ਪ੍ਰਵੇਸ਼ ਵਰਮਾ ਦੀ ਥਾਂ ਕਮਲਜੀਤ ਸਹਿਰਾਵਤ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਨੋਜ ਤਿਵਾੜੀ ਮੁੜ ਉੱਤਰ-ਪੂਰਬ ਤੋਂ ਚੋਣ ਲੜਨਗੇ। ਉੱਤਰ ਪ੍ਰਦੇਸ਼ ’ਚ ਬਸਪਾ ਦੇ ਸਾਬਕਾ ਸੰਸਦ ਮੈਂਬਰ ਰਿਤੇਸ਼ ਪਾਂਡੇ ਨੂੰ ਅੰਬੇਡਕਰ ਨਗਰ ਤੋਂ ਟਿਕਟ ਦਿੱਤੀ ਗਈ ਹੈ। ਹੇਮਾ ਮਾਲਿਨੀ, ਰਵੀ ਕਿਸ਼ਨ ਤੇ ਸਾਕਸ਼ੀ ਮਹਾਰਾਜ ਮੁੜ ਪਹਿਲਾਂ ਵਾਲੀਆਂ ਲੋਕ ਸਭਾ ਸੀਟਾਂ ਤੋਂ ਚੋਣ ਲੜਨਗੇ। ਸੂਚੀ ਜਾਰੀ ਕਰਦਿਆਂ ਵਿਨੋਦ ਤਾਵੜੇ ਨੇ ਭਰੋਸਾ ਜ਼ਾਹਿਰ ਕੀਤਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤੀਜੀ ਵਾਰ ਕੇਂਦਰ ’ਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਸੂਚੀ ਵਿੱਚ 28 ਮਹਿਲਾਵਾਂ ਤੇ 47 ਨੌਜਵਾਨ ਆਗੂਆਂ ਨੂੰ ਥਾਂ ਦਿੱਤੀ ਗਈ ਹੈ। ਸੂਚੀ ਵਿੱਚ ਉੱਤਰ ਪ੍ਰਦੇਸ਼ ਤੋਂ 51, ਪੱਛਮੀ ਬੰਗਾਲ ਤੋਂ 20 ਤੇ ਦਿੱਲੀ ਤੋਂ ਪੰਜ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।
RELATED ARTICLES
POPULAR POSTS