Breaking News
Home / ਭਾਰਤ / ਚੋਣਾਂ ਜਿੱਤਣ ਲਈ ਭਗਵਾਨ ਰਾਮ ਨੂੰ ਨਾ ਵਰਤਿਆ ਜਾਵੇ: ਅਧੀਰ

ਚੋਣਾਂ ਜਿੱਤਣ ਲਈ ਭਗਵਾਨ ਰਾਮ ਨੂੰ ਨਾ ਵਰਤਿਆ ਜਾਵੇ: ਅਧੀਰ

ਨਵੀਂ ਦਿੱਲੀ: ਲੋਕ ਸਭਾ ਵਿਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਲਈ ਭਗਵਾਨ ਰਾਮ ਦੇ ਨਾਮ ਨੂੰ ਨਾ ਵਰਤੇ। ਉਨ੍ਹਾਂ ਚੀਨ ਤੇ ਮਾਲਦੀਵ ਬਾਰੇ ਸਰਕਾਰ ਦੀ ਨੀਤੀ ‘ਤੇ ਵੀ ਸਵਾਲ ਚੁੱਕੇ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਪੇਸ਼ ਧੰਨਵਾਦ ਮਤੇ ‘ਤੇ ਬਹਿਸ ਵਿਚ ਸ਼ਾਮਲ ਹੁੰਦਿਆਂ ਚੌਧਰੀ ਨੇ ਕਿਹਾ, ”ਹੁਣ ਜਦੋਂ ਆਮ ਚੋਣਾਂ ਬਰੂਹਾਂ ‘ਤੇ ਹਨ, ਤਾਂ ਤੁਸੀਂ ਭਗਵਾਨ ਰਾਮ ਦੇ ਨਾਮ ਦਾ ਓਟ ਆਸਰਾ ਭਾਲ ਰਹੇ ਹੋ। ਅਸੀਂ ਸਾਰੇ ਭਗਵਾਨ ਰਾਮ ਵਿਚ ਯਕੀਨ ਰੱਖਦੇ ਹਾਂ, ਉਨ੍ਹਾਂ ਨੂੰ ਆਪਣੇ ਪੇਟੈਂਟ ਨਾ ਬਣਾਓ, ਉਨ੍ਹਾਂ ਨੂੰ ਆਪਣਾ ਚੋਣ ਹਥਿਆਰ ਨਾ ਬਣਾਓ। ਰਾਮ ਨੂੰ ਸਾਰਿਆਂ ਦਾ ਭਗਵਾਨ ਰਹਿਣ ਦਿਓ।” ਚੌਧਰੀ ਨੇ ਹਰੇਕ ਭਾਰਤੀ ਨਾਗਰਿਕ ਦੇ ਬੈਂਕ ਖਾਤੇ ਵਿੱਚ 15-15 ਲੱਖ ਰੁਪਏ ਪਾਉਣ ਦੇ ਚੋਣ ਵਾਅਦੇ ਲਈ ਵੀ ਭਾਜਪਾ ਨੂੰ ਘੇਰਿਆ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਆਈਆਂ ਤਾਂ ਪੁਲਵਾਮਾ ਵਿੱਚ ਦਹਿਸ਼ਤੀ ਹਮਲਾ ਹੋਇਆ, ਜਿਸ ਵਿਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ। ਪੁਲਵਾਮਾ ਹਮਲੇ ਦੇ ਜਵਾਬ ਵਿਚ ਭਾਰਤ ਨੇ ਬਾਲਾਕੋਟ ਵਿਚ ਹਵਾਈ ਹਮਲੇ ਕੀਤੇ ਤੇ ਦਹਿਸ਼ਤੀ ਕੈਂਪ ਤਬਾਹ ਕਰ ਦਿੱਤੇ। ਪਰ ਸਰਕਾਰ ਨੇ ਅਜੇ ਤੱਕ ਬਾਲਾਕੋਟ ਹਵਾਈ ਹਮਲਿਆਂ ਨਾਲ ਜੁੜਿਆ ਸੱਚ ਸਾਂਝਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਭਾਰਤ-ਚੀਨ ਸਰਹੱਦ ‘ਤੇ ਸੁਰੱਖਿਆ ਨਾਲ ਜੁੜੇ ਫਿਕਰਾਂ ਬਾਰੇ ਕੋਈ ਜ਼ਿਕਰ ਨਹੀਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਚੀਨ ਪਾਲਿਸੀ ਨੂੰ ਲੈ ਕੇ ਲਗਾਤਾਰ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ, ”ਮਾਲਦੀਵ ਵਿਚ ਅੱਜ ਕੀ ਹੋ ਰਿਹਾ ਹੈ, ਦੇਸ਼ ਵਿਚ ਹੋਈਆਂ ਚੋਣਾਂ ਦੌਰਾਨ ‘ਭਾਰਤ ਨੂੰ ਬਾਹਰ ਕਰੋ’ ਦੇ ਨਾਅਰੇ ਲੱਗੇ।” ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਹਿਸ ਦੇ ਵਿਚਾਲੇ ਦਖ਼ਲ ਦਿੰਦਿਆਂ ਚੌਧਰੀ ਵੱਲੋਂ ਲਾਏ ਆਰੋਪਾਂ ਨੂੰ ਖਾਰਜ ਕਰ ਦਿੱਤਾ।

Check Also

ਆਦਿਵਾਸੀਆਂ ਨੂੰ ਉਜਾੜਨਾ ਚਾਹੁੰਦੀ ਹੈ ਭਾਜਪਾ : ਰਾਹੁਲ

ਕਿਹਾ : ਸੱਤਾ ‘ਚ ਆਏ ਤਾਂ ‘ਅਗਨੀਵੀਰ ਯੋਜਨਾ’ ਨੂੰ ਰੱਦ ਕਰਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ : …